ਪੱਤਰ ਪ੍ਰੇਰਕ
ਜਗਰਾਉਂ, 22 ਅਗਸਤ
ਇੱਥੇ ਲਾਲਾ ਲਾਜਪਤ ਰਾਏ ਬੱਸ ਟਰਮੀਨਲ ਦੇ ਮੁੱਖ ਚੌਕ ਵਿੱਚ ਇੱਕ ਟਰਾਲਾ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਸਕੂਟਰ ’ਤੇ ਜਾ ਰਹੇ ਦਿਵਿਆਂਗ ਪਤੀ-ਪਤਨੀ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਮਹਿਲਾ ਦੀ ਟਰਾਲੇ ਦੇ ਟਾਇਰ ਹੇਠ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਜਨੇਤਪੁਰ ਵਾਸੀ ਹਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਕੁਲਜਿੰਦਰ ਕੌਰ ਆਪਣੇ ਸਕੂਟਰ ’ਤੇ ਮਲਕ ਚੌਕ ’ਚ ਸਥਿਤ ਆਪਣੀ ਫੋਟੋ ਸਟੇਟ ਦੀ ਦੁਕਾਨ ’ਤੇ ਜਾ ਰਹੇ ਸਨ। ਜਦੋਂ ਉਹ ਬੱਸ ਸਟੈਂਡ ਚੌਕ ’ਚ ਪੁੱਜੇ ਤਾਂ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਦੇ ਸਕੂਟਰ ਨੂੰ ਫੇਟ ਮਾਰ ਦਿੱਤੀ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਹਰਵਿੰਦਰ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਹੈ।