ਐਸਏਐਸ ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ ਏਅਰਕੰਡੀਸ਼ੰਡ ਬੱਸ ਭੇਟ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਨੇ ਬਿਲਕੁਲ ਨਵੀਂ ਬੱਸ ਨਿਸ਼ਾਨ ਸਾਹਿਬ ਨੇੜੇ ਖੜ੍ਹੀ ਕਰਕੇ ਚਾਬੀ ਦਫ਼ਤਰ ਵਿੱਚ ਸੌਂਪਦਿਆਂ ਸੇਵਾਦਾਰਾਂ ਨੂੰ ਦੱਸਿਆ ਕਿ ਇਹ ਬੱਸ ਇਸ ਪਵਿੱਤਰ ਅਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ, ਗੁਟਕਾ ਸਾਹਿਬ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਾਉਣਾ ਚਾਹੁੰਦਾ ਹੈ ਅਤੇ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ। ਗੁਰੂਘਰ ਨੂੰ ਦਾਨ ਕੀਤੀ ਆਲੀਸ਼ਾਨ ਬੱਸ ਦੀ ਅੰਦਾਜ਼ਨ 40 ਲੱਖ ਰੁਪਏ ਹੈ। ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਦੇਗ ਕਰਵਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। -ਪੱਤਰ ਪ੍ਰੇਰਕ