ਵਾਸ਼ਿੰਗਟਨ, 23 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਾਸ਼ਿੰਗਟਨ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਨੇ ਦੋ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਰਾਜਨਾਥ ਦੋਵੇਂ ਮੁਲਕਾਂ ਵਿਚਕਾਰ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਮਰੀਕਾ ਦੇ ਦੌਰੇ ’ਤੇ ਹਨ। ਦੋਵੇਂ ਮੁਲਕਾਂ ਨੇ ਜਿਨ੍ਹਾਂ ਸਮਝੌਤਿਆਂ ’ਤੇ ਵੀਰਵਾਰ ਨੂੰ ਦਸਤਖ਼ਤ ਕੀਤੇ ਹਨ, ਉਹ ਸੁਰੱਖਿਆ ਪ੍ਰਬੰਧ ਸਪਲਾਈ (ਐੱਸਓਐੱਸਏ) ਅਤੇ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਨਾਲ ਸਬੰਧਤ ਹਨ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਸਾਂਝੀ ਕਰਦਿਆਂ ਕਿਹਾ, ‘‘ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਮਰੀਕਾ ਯਾਤਰਾ ਦੌਰਾਨ ਵਾਸ਼ਿੰਗਟਨ ’ਚ ਦੋ ਅਹਿਮ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ ਗਏ। ਦੋਵੇਂ ਮੁਲਕਾਂ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧ ਸਪਲਾਈ ਅਤੇ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਦੇ ਸਬੰਧ ’ਚ ਸਮਝੌਤੇ ’ਤੇ ਸਹੀ ਪਾਈ ਹੈ।’’
ਅਮਰੀਕਾ ਦੇ ਰੱਖਿਆ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਐੱਸਓਐੱਸਏ ਸਮਝੌਤੇ ਰਾਹੀਂ ਅਮਰੀਕਾ ਅਤੇ ਭਾਰਤ ਕੌਮੀ ਸੁਰੱਖਿਆ ਨੂੰ ਹੁਲਾਰਾ ਦੇਣ ਵਾਲੀਆਂ ਵਸਤਾਂ ਅਤੇ ਸੇਵਾਵਾਂ ਲਈ ਇਕ-ਦੂਜੇ ਨੂੰ ਤਰਜੀਹ ਦੇਣ ਲਈ ਰਜ਼ਾਮੰਦ ਹਨ। ਇਸ ਤਹਿਤ ਦੋਵੇਂ ਮੁਲਕ ਆਪਣੀਆਂ ਸੁਰੱਖਿਆ ਲੋੜਾਂ ਪੂਰੀਆਂ ਕਰਨ ਦੇ ਮੱਦੇਨਜ਼ਰ ਇਕ-ਦੂਜੇ ਤੋਂ ਲੋੜੀਂਦੇ ਸਨਅਤੀ ਸਰੋਤ ਹਾਸਲ ਕਰ ਸਕਣਗੇ। ਐੱਸਓਐੱਸਏ ’ਤੇ ਅਮਰੀਕਾ ਵੱਲੋਂ ਰੱਖਿਆ ਵਿਭਾਗ ਦੇ ਪ੍ਰਿੰਸੀਪਲ ਉਪ ਸਹਾਇਕ ਸਕੱਤਰ ਡਾਕਟਰ ਵਿਕ ਰਾਮਦਾਸ ਅਤੇ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਵਧੀਕ ਸਕੱਤਰ ਤੇ ਡਾਇਰੈਕਟਰ ਜਨਰਲ (ਐਕੁਈਜ਼ਿਸ਼ਨ) ਸਮੀਰ ਕੁਮਾਰ ਸਿਨਹਾ ਨੇ ਦਸਤਖ਼ਤ ਕੀਤੇ। -ਪੀਟੀਆਈ