ਗਗਨਦੀਪ ਅਰੋੜਾ
ਲੁਧਿਆਣਾ, 23 ਅਗਸਤ
ਬੁੱਢਾ ਦਰਿਆ ਦੀ ਸਫ਼ਾਈ ਨਾ ਹੋਣ ਕਾਰਨ ‘ਆਪ’ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਖੁਦ ਵੱਲੋਂ ਰੱਖਿਆ ਨੀਂਹ ਪੱਥਰ ਹੀ ਤੋੜ ਦਿੱਤਾ ਹੈ। ਵਿਧਾਇਕ ਗੋਗੀ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ’ਤੇ ਦੋਸ਼ ਲਾਏ ਹਨ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਅਤੇ ਸਰਕਾਰ ਨੂੰ ਗ਼ਲਤ ਰਿਪੋਰਟਾਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੀ ਸਫ਼ਾਈ ਲਈ 588 ਕਰੋੜਾਂ ਖਰਚ ਕੀਤੇ ਗਏ ਹਨ ਪਰ ਅੱਜ ਤੱਕ ਬੁੱਢੇ ਦਰਿਆ ਦੀ ਸਫ਼ਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਬੁੱਢਾ ਦਰਿਆ ਦੀ ਸਫ਼ਾਈ ਦਾ ਕੰਮ ਕਰ ਰਹੀ ਹੈ ਪਰ ਅਧਿਕਾਰੀ ਆਪਣੀ ਹੀ ਸਰਕਾਰ ਨੂੰ ਬਦਨਾਮ ਕਰ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਗ਼ਲਤ ਕੰਮ ਕਰ ਰਹੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਨਾਂ ਭ੍ਰਿਸ਼ਟ ਲੋਕਾਂ ਵਿੱਚ ਆਵੇ ਤਾਂ ਕਰਕੇ ਉਨ੍ਹਾਂ ਨੇ ਇਹ ਨੀਂਹ ਪੱਥਰ ਹੀ ਤੋੜ ਦਿੱਤਾ ਹੈ। ਸੱਤਾਧਾਰੀ ਧਿਰ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਵਿਧਾਇਕ ਗੋਗੀ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ।
ਸ੍ਰੀ ਗੋਗੀ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫ਼ਾਈ ਦਾ ਪ੍ਰਾਜੈਕਟ ਕਰੋਨਾ ਸਮੇਂ ਦੌਰਾਨ ਟੈਂਡਰ ’ਤੇ ਲਾਇਆ ਗਿਆ ਸੀ ਅਤੇ ਇਸ ਦੀ ਸਫ਼ਾਈ ਲਈ 650 ਕਰੋੜ ਰੁਪਏ ਦਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਦਰਿਆ ਦੀ ਸਫ਼ਾਈ ਕਰਨ ਵਾਲੀ ਕੰਪਨੀ ਪਹਿਲਾਂ ਹੀ 588 ਕਰੋੜ ਰੁਪਏ ਲੈ ਚੁੱਕੀ ਹੈ। ਅਧਿਕਾਰੀਆਂ ਨੇ ਕੰਪਨੀ ਨੂੰ 34 ਕਰੋੜ ਰੁਪਏ ਵੀ ਏਐੱਮਸੀ ਨੂੰ ਦੇ ਦਿੱਤੇ ਹਨ। ਸ੍ਰੀ ਗੋਗੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਉਠਾਇਆ ਸੀ ਤਾਂ ਅਧਿਕਾਰੀ ਕੋਈ ਜਵਾਬ ਨਹੀਂ ਦੇ ਸਕੇ ਸਨ। ਵਿਧਾਇਕ ਗੋਗੀ ਨੇ ਦੋਸ਼ ਲਾਇਆ ਕਿ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਜ਼ਮੀਨੀ ਪੱਧਰ ’ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ। ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ। ਸ੍ਰੀ ਗੋਗੀ ਨੇ ਕਿਹਾ ਕਿ ਜੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਮਰਨ ਵਰਤ ਵੀ ਰੱਖਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ‘ਆਪ’ ਵਿਧਾਇਕ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੁੱਢੇ ਦਰਿਆ ਦੀ ਸਫ਼ਾਈ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ।
ਮਜੀਠੀਆ ਨੇ ਵਿਧਾਇਕ ਗੋਗੀ ਦੀ ਪਿੱਠ ਥਾਪੜੀ
ਲੁਧਿਆਣਾ (ਗੁਰਿੰਦਰ ਸਿੰਘ): ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਲਈ ਲੱਗਿਆ ਨੀਂਹ ਪੱਥਰ ਤੋੜਨ ’ਤੇ ਉਨ੍ਹਾਂ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਖਾਸ ਕਰ ਕੇ ਵਿਧਾਇਕ ਗੋਗੀ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਲਈ ਸਸਤੀ ਸਿਆਸਤ ਕਰ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਇਕ ਨੂੰ ਅਹਿਸਾਸ ਹੋ ਗਿਆ ਹੈ ਕਿ ਪਿਛਲੇ ਡੇਢ ਸਾਲ ਦੌਰਾਨ ਨਾਲੇ ਦੀ ਸਫ਼ਾਈ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ਲਈ ਇਹ ਢੁੱਕਵਾਂ ਸਮਾਂ ਹੈ ਜਦੋਂ ਉਹ ਸੱਚ ਕਬੂਲ ਕਰਨ ਅਤੇ ਅਜਿਹੇ ਝੂਠੇ ਨੀਂਹ ਪੱਥਰ ਤੋੜ ਸੁੱਟਣ।
ਸਤਲੁਜ ਦਰਿਆ ਦੇ ਪ੍ਰਦੂਸ਼ਣ ਖ਼ਿਲਾਫ਼ ਰੋਸ ਮਾਰਚ ਅੱਜ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਵਿਚਲੇ ਪ੍ਰਦੂਸ਼ਿਤ ਕਾਲੇ ਪਾਣੀ ਨੂੰ ਸਾਫ ਕਰਨ ਲਈ ਯਤਨ ਜਾਰੀ ਹਨ ਪਰ ਇਸ ਪਾਣੀ ਨੂੰ ਸਾਫ ਨਾ ਕਰਨ ਖ਼ਿਲਾਫ਼ ਸੰਘਰਸ਼ ਵੀ ਜਾਰੀ ਹੈ ਜਿਸ ਵਿੱਚ ਬੁੱਢੇ ਅਤੇ ਸਤਲੁਜ ਦਰਿਆਵਾਂ ਦੇ ਜ਼ਹਿਰੀਲੇ ਪ੍ਰਦੂਸ਼ਣ ਨੂੰ ਰੋਕਣ ਲਈ ਕਾਲੇ ਪਾਣੀ ਦਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ 24 ਅਗਸਤ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਰੋਸ ਮਾਰਚ ਵਿੱਚ ਵਾਤਾਵਰਨ ਸਬੰਧੀ ਕਾਰਜਸ਼ੀਲ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਤੋਂ ਜਥੇਬੰਦੀਆਂ ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸ਼ਿਰਕਤ ਕਰਨਗੇ। ਇਹ ਰੋਸ ਮਾਰਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇੜੇ ਸਿੱਧਵਾਂ ਨਹਿਰ ਲੁਧਿਆਣਾ ਤੋਂ ਦੁਪਹਿਰ 11 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭਾਈ ਬਾਲਾ ਚੌਕ ਨੇੜੇ ਲੱਗੇ ਬੁੱਤ ਕੋਲ ਜਾ ਕੇ ਸਮਾਪਤ ਹੋਵੇਗਾ। ਪ੍ਰਬੰਧਕਾਂ ਨੇ ਇਸ ਮੁਹਿੰਮ ਵਿੱਚ ਸਾਰੇ ਵਾਤਾਵਰਨ ਪ੍ਰੇਮੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।