ਐੱਨਪੀ ਧਵਨ
ਪਠਾਨਕੋਟ, 23 ਅਗਸਤ
ਇੱਥੇ ਲੰਘੇ ਦਿਨ ਛੁੱਟੀ ’ਤੇ ਆਏ ਫੌਜੀ ਜਵਾਨ ਨੂੰ ਨੋ ਫਲਾਈ ਜ਼ੋਨ ਵਿੱਚ ਡਰੋਨ ਉਡਾਉਣਾ ਉਸ ਵੇਲੇ ਮਹਿੰਗਾ ਪਿਆ ਜਦ ਕਿਸੇ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ ਅਤੇ ਪੁਲੀਸ ਨੇ ਪੁੱਜ ਕੇ ਸਰਚ ਅਭਿਆਨ ਚਲਾ ਕੇ ਡਰੋਨ ਬਰਾਮਦ ਕਰ ਲਿਆ। ਪੁਲੀਸ ਵੱਲੋਂ ਫੌਜੀ ਜਵਾਨ ਕੋਲੋਂ ਪੁੱਛਗਿੱਛ ਆਰੰਭ ਦਿੱਤੀ ਗਈ ਹੈ। ਮਾਮਲਾ ਆਰਮੀ ਦਾ ਹੋਣ ਕਰਕੇ ਸੈਨਾ ਦੇ ਵੀ ਅਧਿਕਾਰੀ ਨੇ ਉਸ ਕੋਲੋਂ ਪੁੱਛਗਿੱਛ ਕਰਨੀ ਆਰੰਭ ਦਿੱਤੀ। ਇਹ ਘਟਨਾ ਸਰਹੱਦੀ ਕਸਬੇ ਨਰੋਟ ਜੈਮਲ ਸਿੰਘ ਦੇ ਪਿੰਡ ਮਾਨ ਸਿੰਘਪੁਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੋਹਨ ਲਾਲ ਨਾਂ ਦਾ ਇੱਕ ਸੈਨਿਕ ਲੰਘੇ ਦਿਨ ਛੁੱਟੀ ’ਤੇ ਆਪਣੇ ਪਿੰਡ ਮਾਨ ਸਿੰਘਪੁਰ ਆਇਆ ਤਾਂ ਸ਼ਾਮ ਨੂੰ ਉਸ ਨੇ ਘਰ ਵਿੱਚ ਰੱਖਿਆ ਹੋਇਆ ਨਿੱਕਾ ਡਰੋਨ ਚਲਾਇਆ ਤਾਂ ਕਿਸੇ ਨੇ ਉਸ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ। ਪੁਲੀਸ ਨੇ ਅੱਜ ਸਵੇਰ ਵੇਲੇ ਹੀ ਪਿੰਡ ਵਿੱਚ ਪੁੱਜ ਕੇ ਸਰਚ ਅਭਿਆਨ ਚਲਾਇਆ ਅਤੇ ਫੌਜੀ ਜਵਾਨ ਦੇ ਘਰੋਂ ਡਰੋਨ ਬਰਾਮਦ ਕਰ ਲਿਆ। ਬਾਅਦ ਵਿੱਚ ਪੁਲੀਸ ਉਸ ਨੂੰ ਆਪਣੇ ਨਾਲ ਪੁੱਛਗਿੱਛ ਲਈ ਲੈ ਗਈ। ਡੀਐੱਸਪੀ (ਦਿਹਾਤੀ) ਸੁਖਜਿੰਦਰ ਥਾਪਰ ਨੇ ਸੰਪਰਕ ਕਰਨ ’ਤੇ ਇਸ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸੋਹਨ ਲਾਲ ਨੇ ਦਿੱਲੀ ਤੋਂ ਕਰੀਬ 2 ਸਾਲ ਪਹਿਲਾਂ ਇੱਕ ਡਰੋਨ ਖਰੀਦਿਆ ਸੀ ਤੇ ਉਹ ਘਰ ਵਿੱਚ ਰੱਖਿਆ ਹੋਇਆ ਸੀ। ਉਹ ਕੱਲ੍ਹ ਛੁੱਟੀ ਆਇਆ ਤਾਂ ਸ਼ਾਮ ਨੂੰ ਉਸ ਨੇ ਡਰੋਨ ਨੂੰ ਚੈੱਕ ਕਰਨ ਲਈ ਉਡਾਇਆ। ਉਨ੍ਹਾਂ ਦੱਸਿਆ ਕਿ ਫੌਜ ਦੇ ਅਧਿਕਾਰੀ ਵੀ ਪੁੱਜ ਗਏ ਜੋ ਉਸ ਕੋਲੋਂ ਪੁੱਛਗਿੱਛ ਕਰ ਰਹੇ ਹਨ।