ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 23 ਅਗਸਤ
ਭਾਕਿਯੂ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ ਅਤੇ ਉਸ ਦੇ ਇੱਕ ਹੋਰ ਸਾਥੀ ਨਾਲ ਸਬ-ਰਜਿਸਟਰਾਰ ਰਾਏਕੋਟ ਦੇ ਦਫ਼ਤਰ ਵਿੱਚ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਹੱਥੋਪਾਈ ਕਰਨ ਵਾਲੇ ਪਟਵਾਰੀ ਕੋਮਲਪ੍ਰੀਤ ਸਿੰਘ ਨੂੰ ਫੌਰੀ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡੀਸੀ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਫ਼ਤਰੀ ਹੁਕਮ ਨੰਬਰ 7926-29 ਰਾਹੀਂ ਪਟਵਾਰੀ ਕੋਮਲਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਪਟਵਾਰ ਹਲਕਾ ਟੂਸੇ ਦਾ ਚਾਰਜ ਹਿੱਸੋਵਾਲ ਦੇ ਪਟਵਾਰੀ ਰਾਜਦੀਪ ਸਿੰਘ ਨੂੰ ਸੌਂਪਿਆ ਗਿਆ ਹੈ। ਏਡੀਸੀ ਜਗਰਾਉਂ ਵੱਲੋਂ ਡੀਸੀ ਨੂੰ ਭੇਜੀ ਰਿਪੋਰਟ ਅਨੁਸਾਰ ਪਟਵਾਰੀ ਕੋਮਲਪ੍ਰੀਤ ਸਿੰਘ ਵੱਲੋਂ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਹੱਥੋਪਾਈ ਕਰਨ ਨੂੰ ਅਣਉੱਚਿਤ ਅਤੇ ਘੋਰ ਅਨੁਸ਼ਾਸਨਹੀਣਤਾ ਦਾ ਮਾਮਲਾ ਦੱਸਿਆ ਹੈ।