ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਅਗਸਤ
ਚੰਡੀਗੜ੍ਹ ਸਮਾਰਟ ਸਿਟੀ ਵੱਲੋਂ ਇੱਥੇ ਮਨੀਮਾਜਰਾ ਇਲਾਕੇ ਵਿੱਚ 24×7 ਜਲ ਸਪਲਾਈ ਸਕੀਮ ਦੇ ਪਾਇਲਟ ਪ੍ਰਾਜੈਕਟ ਦੇ ਉਦਘਾਟਨ ਤੋਂ ਬਾਅਦ ਜਿੱਥੇ ਇੱਥੋਂ ਦੇ ਵਸਨੀਕ ਗੰਦੇ ਪਾਣੀ ਦੀ ਸਪਲਾਈ ਤੋਂ ਦੁਖੀ ਹਨ, ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਪਾਣੀ ਦੀ ਸਪਲਾਈ ਵੀ ਠੀਕ ਢੰਗ ਨਾਲ ਨਾ ਹੋਣ ਕਰ ਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਪੀਣ ਵਾਲੇ ਪਾਣੀ ਨੂੰ ਲੈ ਕੇ ਇਲਾਕੇ ਵਿੱਚ ਹਾਹਾਕਾਰ ਮਚੀ ਹੋਈ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਮੁਕੰਮਲ ਅਤੇ ਤਿਆਰ ਹੀ ਨਹੀਂ ਸੀ ਤਾਂ ਇਸ ਦੇ ਉਦਘਾਟਨ ’ਚ ਐਨੀ ਜਲਦਬਾਜ਼ੀ ਕਿਉਂ ਕੀਤੀ ਗਈ। ਅੱਜ ਵੀ ਇੱਥੋਂ ਦੇ ਲੋਕਾਂ ਨੂੰ ਸਵੇਰੇ ਪਾਣੀ ਦੀ ਸਪਲਾਈ ਨਹੀਂ ਮਿਲੀ। ਇੱਥੋਂ ਦੇ ਇੱਕ ਸਮਾਜ ਸੇਵੀ ਰਾਮੇਸ਼ਵਰ ਗਿਰੀ ਨੇ ਦੱਸਿਆ ਕਿ 24X7 ਸ਼ੁੱਧ ਜਲ ਸਪਲਾਈ ਸਕੀਮ ਦੇ ਨਾਂ ’ਤੇ ਮਨੀਮਾਜਰਾ ਵਿੱਚ ਜਲ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ।
ਗਿਰੀ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਇੱਕ ਲੱਖ ਤੋਂ ਵੱਧ ਆਬਾਦੀ ਲਈ ਪਾਣੀ ਦੇ ਸਿਰਫ਼ ਦੋ-ਤਿੰਨ ਟੈਂਕਰ ਭੇਜ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਤੁਰੰਤ ਨਾ ਸੁਧਾਰੀ ਗਈ ਤਾਂ ਲੋਕ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।