ਕੋਲੰਬੋ, 24 ਅਗਸਤ
ਸ੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀਆਂ ’ਚ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ ਹੇਠ 11 ਭਾਰਤੀਆਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨਾਲ ਇਸ ਸਾਲ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਦੀ ਗਿਣਤੀ 333 ਹੋ ਗਈ ਹੈ। ਸ੍ਰੀਲੰਕਾ ਜਲ ਸੈਨਾ ਵੱਲੋਂ ਜਾਰੀ ਬਿਆਨ ਅਨੁਸਾਰ ਉੱਤਰੀ ਸੂਬੇ ਜਾਫਨਾ ਦੇ ਪੈਦਰੋ ਨੇੜਲੇ ਸਾਹਿਲ ’ਤੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀਆਂ ਬੇੜੀਆਂ ਜ਼ਬਤ ਕਰ ਲਈਆਂ ਗਈਆਂ ਹਨ। ਬਿਆਨ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਅਗਲੇਰੀ ਕਾਰਵਾਈ ਲਈ ਕਨਕੇਸ਼ਤੁਰਾਈ ਲਿਆਂਦਾ ਗਿਆ ਹੈ।
ਸ੍ਰੀਲੰਕਾ ਦੀ ਜਲ ਸੈਨਾ ਇਸ ਸਾਲ ਹੁਣ ਤੱਕ 333 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ 45 ਬੇੜੇ ਜ਼ਬਤ ਕਰ ਚੁੱਕੀ ਹੈ। ਇਸੇ ਦੌਰਾਨ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮੁੱਦਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੋਲ ਚੁੱਕਿਆ ਹੈ। ਉਨ੍ਹਾਂ ਕਿਹਾ, ‘ਮੈਂ ਲਗਾਤਾਰ ਅਜਿਹੀਆਂ ਘਟਨਾਵਾਂ ਉਭਾਰਦਾ ਰਹਿੰਦਾ ਹਾਂ। ਸਾਲ 2024 ਵਿੱਚ ਹੀ 324 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ 44 ਬੇੜੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਤਾਮਿਲ ਨਾਡੂ ਦਾ ਮਛੇਰਾ ਭਾਈਚਾਰਾ ਲਗਾਤਾਰ ਗ੍ਰਿਫ਼ਤਾਰੀਆਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਰੁਜ਼ਗਾਰ ਦੇ ਸਾਧਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।’ -ਪੀਟੀਆਈ