ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਅਗਸਤ
ਚੋਣ ਕਮਿਸ਼ਨ ਨੇ ਅੰਬਾਲਾ ਦੇ ਵਿਧਾਇਕ ਅਤੇ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਨੂੰ ਚੋਣ ਜ਼ਾਬਤੇ ਦੌਰਾਨ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫੇ ਦੇਣ ਲਈ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਵਿਧਾਇਕ ਖ਼ਿਲਾਫ਼ ਇਹ ਕਾਰਵਾਈ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ’ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਔਰਤਾਂ ਨੂੰ ਤੋਹਫੇ ਵਜੋਂ ਦਿੱਤੇ ਗਏ ਬੈਗ ’ਤੇ ਅਸੀਮ ਗੋਇਲ ਦੀ ਤਸਵੀਰ ਲੱਗੀ ਹੋਈ ਹੈ। ਬੈਗ ਵਿੱਚ ਕੰਧ ਘੜੀ, ਕੱਪੜੇ, ਰਜਿਸਟਰ, ਦੋ ਪੈੱਨ ਅਤੇ ਮਠਿਆਈ ਆਦਿ ਸਾਮਾਨ ਰੱਖਿਆ ਹੋਇਆ ਹੈ। ਘੜੀ ਅਤੇ ਰਜਿਸਟਰ ’ਤੇ ਵੀ ਅਸੀਮ ਗੋਇਲ ਦੀ ਤਸਵੀਰ ਹੈ। ਇਹ ਨੋਟਿਸ ਅੰਬਾਲਾ ਦੇ ਡੀਸੀ ਨੇ ਚੋਣ ਕਮਿਸ਼ਨ ਦੀ ਤਰਫੋਂ ਜਾਰੀ ਕੀਤਾ ਹੈ। ਨੋਟਿਸ ਵਿੱਚ ਕਿਹਾ ਗਿਆ ਕਿ ਮੰਤਰੀ ਨੇ ਇਸ ਸਬੰਧੀ ਚੋਣ ਕਮਿਸ਼ਨ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਅਤੇ ਇਸ ਬੈਗ ਰਾਹੀਂ ਉਨ੍ਹਾਂ ਨੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਆਪਣੀ ਚੋਣ ਮੁਹਿੰਮ ਚਲਾਈ। ਕਮਿਸ਼ਨ ਨੇ ਲਿਖਿਆ ਕਿ ਇਸ ਬੈਗ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਕੇਤਨ ਸ਼ਰਮਾ ਨੇ ਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਸੀ। ਕੇਤਨ ਸ਼ਰਮਾ ਨੇ ਕਿਹਾ ਕਿ ਅੰਬਾਲਾ ਸ਼ਹਿਰ ਦੇ ਨਗਰ ਸੇਵਕ ਅਸੀਮ ਗੋਇਲ ਲੋਕਾਂ ਨੂੰ ਲੁਭਾਉਣ ਲਈ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਕਿਹਾ ਕਿ ਰੱਖੜੀ ਵਾਲੇ ਦਿਨ ਜਿਨ੍ਹਾਂ ਔਰਤਾਂ ਨੇ ਮੰਤਰੀ ਦੇ ਰੱਖੜੀ ਬੰਨ੍ਹੀ ਸੀ, ਉਸ ਦੇ ਬਦਲੇ ਉਨ੍ਹਾਂ ਨੂੰ ਬੈਗ ਦੇ ਰੂਪ ਵਿਚ ਤੋਹਫੇ ਦਿੱਤੇ ਗਏ। ਇਹ ਚੋਣ ਜ਼ਾਬਤੇ ਦੀ ਸਿੱਧੀ ਉਲੰਘਣਾ ਹੈ।