ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਏ ਐੱਸ ਕੈਟਲ ਫੀਡਜ਼, ਕੋਟਕਪੂਰਾ (ਫ਼ਰੀਦਕੋਟ) ਨਾਲ ਪਸ਼ੂ ਫੀਡ ਬਣਾਉਣ ਦੇ ਖੇਤਰ ਵਿੱਚ ਇੱਕ ਸਮਝੌਤਾ ਪੱਤਰ ’ਤੇ ਸਹੀ ਪਾਈ ਹੈ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਨੌਜਵਾਨ ਉੱਦਮੀ ਸੁਖਪ੍ਰੀਤ ਕੌਰ ਨੇ ਇਸ ਸਮਝੌਤੇ ਉਪਰ ਦਸਤਖ਼ਤ ਕੀਤੇ।
ਇਸ ਮੌਕੇ ਸ੍ਰੀ ਸੰਧਵਾਂ ਨੇ ਕਿਹਾ ਕਿ ਅਜਿਹੀ ਸਾਂਝ ਰਾਸ਼ਟਰੀ ਵਿਕਾਸ ਅਤੇ ਭੋਜਨ ਸੁਰੱਖਿਆ ਯਕੀਨੀ ਬਣਾਉਣ ਵਿੱਚ ਕਾਫ਼ੀ ਅਹਿਮੀਅਤ ਰੱਖਦੀ ਹੈ। ਸਮਝੌਤੇ ਨਾਲ ਪਸ਼ੂ ਫੀਡ ਦੇ ਖੇਤਰ ਵਿੱਚ ਹੋ ਰਹੇ ਨਵੇਂ ਉਪਰਾਲਿਆਂ ਦਾ ਫਾਇਦਾ ਲੈਣ ’ਚ ਮਦਦ ਮਿਲੇਗੀ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਸਹਿਮਤੀ ਪੱਤਰ ਨਾਲ ਜ਼ਮੀਨੀ ਹਕੀਕਤਾਂ ਅਤੇ ਚੁਣੌਤੀਆਂ ਸਬੰਧੀ ਆਪਣੀ ਖੋਜ ਨੂੰ ਪੁਖ਼ਤਾ ਕਰ ਕੇ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਇੱਕ ਨੌਜਵਾਨ ਔਰਤ ਉੱਦਮੀ ਨਾਲ ਅਜਿਹਾ ਸਮਝੌਤਾ ਕਰਨ ’ਤੇ ਨਾਰੀ ਸ਼ਕਤੀਕਰਨ ਵਾਲੇ ਪਾਸੇ ਵੀ ਅਸੀਂ ਅੱਗੇ ਵਧਦੇ ਹਾਂ। ਸੁਖਪ੍ਰੀਤ ਕੌਰ ਨੇ ਕਿਹਾ ਕਿ ਉਹ ਵੈਟਰਨਰੀ ਯੂਨੀਵਰਸਿਟੀ ਨਾਲ ਸਾਂਝ ਪਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਸਮਝੌਤੇ ਅਨੁਸਾਰ ਦੋਵਾਂ ਧਿਰਾਂ ਦਰਮਿਆਨ ਗਿਆਨ ਵਟਾਂਦਰਾ, ਸਲਾਹਕਾਰੀ ਅਤੇ ਫੀਡ ਦੀ ਕੁਆਲਿਟੀ ਅਤੇ ਵਿਕਾਸ ਸਬੰਧੀ ਕੰਮ ਕੀਤਾ ਜਾਵੇਗਾ।