ਨਿੱਜੀ ਪੱਤਰ ਪ੍ਰੇਰਕ
ਬਟਾਲਾ, 24 ਅਗਸਤ
ਪਿੰਡ ਧਾਰੀਵਾਲ ਭੋਜਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੁਵਰਾਜ ਸਿੰਘ (20) ਵਜੋਂ ਹੋਈ ਹੈ। ਉਹ ਜੋ ਡੇਢ ਸਾਲ ਪਹਿਲਾਂ ਸੁਨਹਿਰੇ ਭਵਿੱਖ ਲਈ ਅਮਰੀਕਾ ਗਿਆ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਯੁਵਰਾਜ ਨੂੰ 70 ਲੱਖ ਰੁਪਏ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੀ ਯੁਵਰਾਜ ਨਾਲ ਕੱਲ੍ਹ ਹੀ ਫੋਨ ’ਤੇ ਗੱਲ ਹੋਈ ਸੀ ਪਰ ਇਸ ਅਣਹੋਣੀ ਦਾ ਪਤਾ ਨਹੀਂ ਸੀ। ਉਸ ਦੇ ਪਿਤਾ ਲਖਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਕਿ ਯੁਵਰਾਜ ਸਿੰਘ ਦੀ ਦੇਹ ਪਿੰਡ ਲਿਆਉਣ ਲਈ ਸਹਾਇਤਾ ਕੀਤੀ ਜਾਵੇ।