ਪਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਕੌਮੀ ਰਾਜਧਾਨੀ ’ਚ ਦੋ ਥਾਵਾਂ ਤੋਂ ਤਿੰਨ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਪਤਨੀ ਅਤੇ ਧੀ ਦੀਆਂ ਲਾਸ਼ਾਂ ਨਰੇਲਾ ’ਚੋਂ ਬਰਾਮਦ ਕੀਤੀਆਂ ਗਈਆਂ ਜਦੋਂਕਿ ਮਦਰੱਸੇ ’ਚੋਂ ਇਕ ਬਚੇ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਦਿੱਲੀ ਦੇ ਬਾਹਰੀ ਉੱਤਰੀ ਖੇਤਰ ਨਰੇਲਾ ਵਿੱਚ ਇੱਕ 38 ਸਾਲਾ ਔਰਤ ਅਤੇ ਉਸ ਦੀ ਧੀ ਦੀ ਲਾਸ਼ ਉਨ੍ਹਾਂ ਘਰ ’ਚੋਂ ਮਿਲੀ ਹੈ, ਜਿਨ੍ਹਾਂ ਦੇ ਸਰੀਰ ’ਤੇ ਚਾਕੂ ਨਾਲ ਵਾਰ ਕੀਤੇ ਹੋਏ ਸਨ। ਪੁਲੀਸ ਨੇ ਦੱਸਿਆ ਕਿ ਔਰਤ ਦਾ ਪਤੀ, ਜੋ ਵੱਖ ਰਹਿੰਦਾ ਸੀ, ਲਾਸ਼ਾਂ ਮਿਲਣ ਤੋਂ ਪਹਿਲਾਂ ਹੀ ਘਰ ਆ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਤਲ ਮ੍ਰਿਤਕਾ ਦੇ ਪਤੀ ਨੇ ਤਵੇ ਨਾਲ ਕੁੱਟਮਾਰ ਕਰਕੇ ਕੀਤੇ ਹਨ। ਇਸੇ ਤਰ੍ਹਾਂ ਦਿੱਲੀ ਦੇ ਦਿਆਲਪੁਰ ਇਲਾਕੇ ਦੇ ਇੱਕ ਮਦਰੱਸੇ ਵਿੱਚ ਇੱਕ ਪੰਜ ਸਾਲ ਦੇ ਬੱਚੇ ਦੀ ਭੇਤਭਰੀ ਮੌਤ ਹੋ ਗਈ। ਲੜਕੇ ਦੀ ਮਾਂ ਨੂੰ ਸ਼ਾਮ ਕਰੀਬ 6.30 ਵਜੇ ਸੂਚਨਾ ਮਿਲੀ ਕਿ ਉਹ ਬਿਮਾਰ ਹੈ। ਔਰਤ ਮਦਰੱਸੇ ਪਹੁੰਚੀ ਅਤੇ ਲੜਕਾ ਬੇਹੋਸ਼ੀ ਦੀ ਹਾਲਤ ’ਚ ਮਿਲਿਆ। ਇਸ ਮਗਰੋਂ ਉਹ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕਿਹਾ ਕਿ ਔਰਤ ਬੱਚੇ ਦੀ ਲਾਸ਼ ਨੂੰ ਵਾਪਸ ਮਦਰੱਸੇ ਲੈ ਗਈ, ਜਿੱਥੇ ਭੀੜ ਇਕੱਠੀ ਹੋ ਗਈ ਅਤੇ ਮਦਰੱਸੇ ਦੇ ਪ੍ਰਬੰਧਕਾਂ ਦੇ ਖਿਲਾਫ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਰਾਤ ਕਰੀਬ 9.52 ’ਤੇ ਪੀਸੀਆਰ ਮਿਲਣ ਤੋਂ ਬਾਅਦ ਪੁਲੀਸ ਮਦਰੱਸੇ ’ਚ ਪਹੁੰਚੀ ਅਤੇ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਪਹੁੰਚਾਇਆ। ਪੁਲੀਸ ਅਨੁਸਾਰ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।