ਪੱਤਰ ਪ੍ਰੇਰਕ
ਜੈਂਤੀਪੁਰ, 24 ਅਗਸਤ
ਪਿੰਡ ਮਾਂਗਾ ਸਰਾਏ ਵਿੱਚ ਬਾਬਾ ਗੁਰਬਚਨ ਸਿੰਘ ਡੰਡੇਵਾਲਿਆਂ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਮੁੱਖ ਪ੍ਰਬੰਧਕ ਨੰਬਰਦਾਰ ਪ੍ਰਭਪਾਲ ਸਿੰਘ ਤੇ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਨੰਬਰਦਾਰ ਪਰਿਵਾਰ ਅਤੇ ਪਿੰਡ ਦੀ ਸੰਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਬੱਡੀ ਕੱਪ ਦਾ ਫਾਈਨਲ ਮੈਚ ਕਬੱਡੀ ਕਲੱਬ ਫਰੰਦੀਪੁਰ ਅਤੇ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੜੇ ਫਸਵੇਂ ਮੁਕਾਬਲੇ ਵਿੱਚ 30 ਅੰਕਾਂ ਦੇ ਮੁਕਾਬਲੇ 35 ਅੰਕ ਲੈ ਕੇ ਫਰੰਦੀਪੁਰ ਦੀ ਟੀਮ ਨੇ ਘਰਿਆਲਾ ਦੀ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। ਜੇਤੂ ਅਤੇ ਉੱਪ ਜੇਤੂ ਟੀਮ ਨੂੰ ਕ੍ਰਮਵਾਰ 75 ਹਜ਼ਾਰ ਅਤੇ 65 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਕਬੱਡੀ ਖਿਡਾਰੀ ਗੁਰਜੰਟ ਸਿੰਘ ਦਾ ਨੰਬਰਦਾਰ ਬਿਕਰਮਜੀਤ ਸਿੰਘ ਵੱਲੋਂ ਪਲਟੀਨਾ ਮੋਟਰਸਾਈਕਲ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਅਤੇ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਹਲਕਾ ਮਜੀਠਾ ਕਾਂਗਰਸ ਪਾਰਟੀ ਦੇ ਇੰਚਾਰਜ਼ ਭਗਵੰਤਪਾਲ ਸਿੰਘ ਸੱਚਰ, ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨੰਬਰਦਾਰ ਪ੍ਰਭਪਾਲ ਸਿੰਘ, ਬਿਕਰਮਜੀਤ ਸਿੰਘ ਸਮੂਹ ਨੰਬਰਦਾਰ ਪਰਿਵਾਰ, ਸਰਪੰਚ ਸੁਖਦੇਵ ਸਿੰਘ ਤੇ ਹਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।