ਪੱਤਰ ਪ੍ਰੇਰਕ
ਜਲੰਧਰ, 24 ਅਗਸਤ
ਜਲੰਧਰ ਕੈਂਟ ਸਟੇਸ਼ਨ ਨੇੜੇ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਮਰਹੂਮ ਕ੍ਰਿਸ਼ਨ ਸਿੰਘ ਵਾਸੀ ਮੁਹੱਲਾ ਕੋਟ ਰਾਮਦਾਸ ਵਜੋਂ ਹੋਈ ਹੈ। ਮ੍ਰਿਤਕ ਦੇਹ ਜਲੰਧਰ ਜੀਆਰਪੀ ਥਾਣੇ ਦੀ ਟੀਮ ਨੇ ਰਾਮਾਮੰਡੀ ਓਵਰਬ੍ਰਿਜ ਨੇੜੇ ਜਲੰਧਰ ਛਾਉਣੀ ਤੋਂ ਬਰਾਮਦ ਕੀਤੀ ਹੈ ਜਿਸ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਅਰਵਿੰਦਰ ਨੇ ਆਤਮਹੱਤਿਆ ਕੀਤੀ ਹੈ ਜਾਂ ਇਹ ਹਾਦਸਾ ਸੀ, ਇਸ ਬਾਰੇ ਪੁਲੀਸ ਜਾਂਚ ਜਾਰੀ ਹੈ। ਜਲੰਧਰ ਜੀਆਰਪੀ ਚੌਕੀ ਜਲੰਧਰ ਛਾਉਣੀ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਸਥਾਨ ’ਤੇ ਇੱਕ ਵਿਅਕਤੀ ਦੀ ਕੱਟੀ ਹੋਈ ਲਾਸ਼ ਪਈ ਹੈ।