ਪੱਤਰ ਪ੍ਰੇਰਕ
ਮੋਰਿੰਡਾ, 25 ਅਗਸਤ
ਸ਼ਹਿਰ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਫੈਲੇ ਪੇਚਸ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ। ਅੱਜ ਸਿਵਲ ਹਸਪਤਾਲ ਮੋਰਿੰਡਾ ਵਿੱਚੋਂ ਦੋ ਮਰੀਜ਼ਾਂ ਨੂੰ ਛੁੱਟੀ ਕੀਤੀ ਗਈ ਹੈ ਤੇ ਪੰਜ ਨਵੇਂ ਮਰੀਜ਼ ਦਾਖ਼ਲ ਕੀਤੇ ਗਏ ਹਨ। ਅੱਧੀ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡਾ. ਹਮਜੋਲ ਸਿੰਘ ਚੱਕਲ ਨੇ ਦੱਸਿਆ ਕਿ ਭਾਵੇਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ਫਿਰ ਵੀ ਸ਼ਹਿਰ ਦੇ ਇੱਕੋ ਮੁਹੱਲੇ ਵਿੱਚੋਂ ਰੋਜ਼ਾਨਾ ਅੱਧੀ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਾਹਮਣੇ ਆਉਣਾ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਿਮਾਰੀ ’ਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਵਾਰਡ ਵਿੱਚ ਇਸ ਬਿਮਾਰੀ ਦੇ ਸ਼ੱਕੀ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ।