ਸ਼ਸ਼ੀ ਪਾਲ ਜੈਨ
ਖਰੜ, 25 ਅਗਸਤ
ਇੱਥੇ ਸ਼ਹਿਰ ਵਿੱਚ ਆਟੋ ਚਲਾਉਣ ਵਾਲਾ ਇੱਕ ਡਰਾਈਵਰ ਕਰੀਬ 10 ਦਿਨਾਂ ਤੋਂ ਲਾਪਤਾ ਸੀ। ਅੱਜ ਉਸ ਆਟੋ ਚਾਲਕ ਸੰਦੀਪ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਬਡਾਲਾ ਰੋਡ ਦੀ ਲਾਸ਼ ਪਿੰਡ ਮਲਕਪੁਰ ਨੇੜਿਓਂ ਬੰਦ ਪਈ ਨਹਿਰ ਦੇ ਪਾਣੀ ਵਿੱਚੋਂ ਮਿਲੀ ਹੈ। ਲਾਸ਼ ਗਲੀ-ਸੜੀ ਹਾਲਤ ਵਿੱਚ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਾਬੂ ਸਿੰਘ ਅਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੰਦੀਪ ਪਿਛਲੇ 7-8 ਸਾਲਾਂ ਤੋਂ ਆਟੋ ਚਲਾਉਂਦਾ ਸੀ।
ਉਨ੍ਹਾਂ ਦੱਸਿਆ ਕਿ 10-11 ਦਿਨ ਪਹਿਲਾਂ ਉਸ ਦੇ ਭਰਾ ਨੂੰ ਕਿਸੇ ਸਵਾਰੀ ਨੇ ਬੁਲਾਇਆ ਸੀ ਤੇ ਉਹ ਉੱਥੋਂ ਚਲਾ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਆਟੋ ਚਾਲਕ ਮਲਕਪੁਰ ਲਾਗੇ ਬੰਦ ਪਈ ਨਹਿਰ ਦੇ ਕੋਲ ਪਲਟਿਆ ਪਿਆ ਹੈ। ਉਨ੍ਹਾਂ ਨੇ ਆਟੋ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਹ ਆਪਣੇ ਮ੍ਰਿਤਕ ਭਰਾ ਦੀ ਭਾਲ ਦੇ ਵਿੱਚ ਇਧਰ-ਉਧਰ ਭਟਕਦੇ ਰਹੇ। ਬਾਬੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਨਹਿਰ ਵਿੱਚ ਖੜ੍ਹੇ ਪਾਣੀ ਵਿੱਚ ਪਈ ਸੀ। ਉਨ੍ਹਾਂ ਨੇ ਮੌਕੇ ’ਤੇ ਜਾ ਕੇ ਉਸ ਦੀ ਪਛਾਣ ਕੀਤੀ। ਬਾਬੂ ਸਿੰਘ ਨੇ ਦੱਸਿਆ ਕਿ 28 ਸਾਲਾ ਸੰਦੀਪ ਸਿੰਘ ਦਾ ਅਜੇ ਤੱਕ ਵਿਆਹ ਨਹੀਂ ਸੀ ਹੋਇਆ। ਦੂਜੇ ਪਾਸੇ, ਇਸ ਮਾਮਲੇ ਸਬੰਧੀ ਘੜੂੰਆਂ ਥਾਣੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਫ਼ਿਲਹਾਲ ਧਾਰਾ 196 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਹੈ।