ਗੀਤਾਂਜਲੀ ਗਾਇਤਰੀ
ਚੰਡੀਗੜ੍ਹ, 25 ਅਗਸਤ
ਹਰਿਆਣਾ ’ਚ ਅਸੈਂਬਲੀ ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਕਿਸਾਨਾਂ ’ਤੇ ਨਿਸ਼ਾਨਾ ਸੇਧਦਿਆਂ ਨਵਾਂ ਵਿਵਾਦ ਛੇੜ ਦਿੱਤਾ ਹੈ। ਐਕਸ ’ਤੇ ਇੱਕ ਵੀਡੀਓ ’ਚ ਉਸ ਨੇ ਆਖਿਆ ਕਿ ਜੇ ਕਿਸਾਨਾਂ ਦੇ ਅੰਦੋਲਨ ਨੂੰ ਕੰਟਰੋਲ ਕਰਨ ਲਈ ਦੇਸ਼ ਵਿਚ ਸਰਕਾਰ ’ਚ ਮਜ਼ਬੂਤ ਉੱਚ ਲੀਡਰਸ਼ਿਪ ਨਾ ਹੁੰਦੀ ਤਾਂ ਇਸ ਕਾਰਨ ਦੇਸ਼ ’ਚ ਬੰਗਲਾਦੇਸ਼ ਵਰਗੇ ਹਾਲਾਤ ਬਣੇ ਸਕਦੇ ਸਨ।
ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰ ਦਾ ਇਹ ਬਿਆਨ ਸੂਬੇ ਦੇ ਆਗੂਆਂ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਵਿਚੋਂ ਕੁਝ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ। ਇੱਕ ਆਗੂ ਨੇ ਆਖਿਆ, ‘‘ਅਸੀਂ ਇਸ ਬਿਆਨ ਬਾਰੇ ਆਪਣੇ ਨੇਤਾਵਾਂ ਨੂੰ ਦੱਸ ਦਿੱਤਾ ਹੈ।’’ ਦੱਸਣਯੋਗ ਹੈ ਕਿ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਆਖਣਾ ਹੈ ਕਿ ਇਹ ਟਿੱਪਣੀ ਪਾਰਟੀ ਖ਼ਿਲਾਫ਼ ਰੋਹ ਲਈ ਨਵੀਂ ਸ਼ੁਰੂਆਤ ਦਾ ਕਾਰਨ ਬਣੇਗੀ ਅਤੇ ਸੂਬੇ ਦੇ ਕੁਝ ਕਿਸਾਨੀ ਪ੍ਰਭਾਵ ਵਾਲੇ ਇਲਾਕਿਆਂ ’ਚ ਭਾਜਪਾ ਖ਼ਿਲਾਫ਼ ਉਲਟਾ ਪ੍ਰਭਾਵ ਪਾਵੇਗੀ। ਇੱਕ ਹੋਰ ਆਗੂ ਨੇ ਕਿਹਾ, ‘‘ਉਹ (ਕੰਗਨਾ ਰਣੌਤ) ਹਰਿਆਣਾ ਨਾਲ ਸਬੰਧਤ ਆਗੂ ਨਹੀਂ ਹੈ। ਉਸ ਨੂੰ ਅਜਿਹੀਆਂ ਵਿਵਾਦਤ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ।’’ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਆਪਣੇ ਵੀਡੀਓ ਬਿਆਨ ’ਚ ਕੰਗਨਾ ਨੇ ਕਥਿਤ ਦੋਸ਼ ਲਾਇਆ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ‘ਲਾਸ਼ਾਂ ਟੰਗੀਆਂ ਗਈਆਂ ਤੇ ਜਬਰ-ਜਨਾਹ ਹੋਏ।’ ਕੰਗਨਾ ਰਣੌਤ ਵੀਡੀਓ ’ਚ ਇਹ ਕਹਿ ਰਹੀ ਹੈ, ‘‘ਜਦੋਂ ਕਿਸਾਨ ਪੱਖੀ ਬਿੱਲ ਵਾਪਸ ਲੈ ਲਏ ਗਏ ਤਾਂ ਸਾਰਾ ਦੇਸ਼ ਹੈਰਾਨ ਹੋ ਗਿਆ।’’ ਉਸ ਨੇ ਆਖਿਆ ਕਿ ਕਿਸਾਨ ਹਾਲੇ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਇਸ ਲਈ ‘ਵਿਦੇਸ਼ੀ ਤਾਕਤਾਂ’ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਇਸ (ਅੰਦੋਲਨ) ਪਿੱਛੇ ਬੰਗਲਾਦੇਸ਼ ਵਾਂਗ ਲੰਮੇ ਸਮੇਂ ਦੀ ਯੋਜਨਾ ਸੀ। ਦੂਜੇ ਪਾਸੇ ਭਾਜਪਾ ਆਗੂਆਂ ਨੇ ਆਖਿਆ ਕਿ ਰਣੌਤ ਦੀ ਟਿੱਪਣੀ ਚੱਲ ਰਹੇ ਚੋਣ ਅਮਲ ਦੌਰਾਨ ਪਾਰਟੀ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।
ਹਾਲੇ ਤੱਕ ਕੰਗਣਾ ਦੀ ਟਿੱਪਣੀ ਨਹੀਂ ਸੁਣੀ: ਬੜੌਲੀ
ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਆਖਿਆ ਕਿ ਉਨ੍ਹਾਂ ਨੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਦਿੱਤਾ ਬਿਆਨ ਹਾਲੇ ਤੱਕ ਨਹੀਂ ਸੁਣਿਆ ਅਤੇ ਵੀਡੀਓ ਦੇਖਣ ਮਗਰੋਂ ਹੀ ਉਹ ਇਸ ਬਾਰੇ ਕੋਈ ਟਿੱਪਣੀ ਕਰਨਗੇ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਦਾ ਫੋਨ ਚੁੱਕਣ ਵਾਲੇ ਵਿਅਕਤੀ ਨੇ ਕਿਹਾ ਕਿ ਸੂਬਾ ਪ੍ਰਧਾਨ ਕਿਸੇ ਪ੍ਰੋਗਰਾਮ ’ਚ ਰੁੱਝੇ ਹੋਏ ਹਨ।