ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਗਸਤ
ਕੈਬਨਿਟ ਵਜ਼ੀਰਾਂ ਨੇ ਅਖ਼ਤਿਆਰੀ ਕੋਟੇ ਦੀ ਗਰਾਂਟ ’ਚ ਵਾਧਾ ਨਾ ਹੋਣ ਦਾ ਦੁੱਖ ਮੁੱਖ ਮੰਤਰੀ ਭਗਵੰਤ ਮਾਨ ਕੋਲ ਰੋਇਆ ਹੈ। ਪੰਜਾਬ ਕੈਬਨਿਟ ਦੀ 14 ਅਗਸਤ ਨੂੰ ਹੋਈ ਮੀਟਿੰਗ ’ਚ ਜਦੋਂ ਵਰ੍ਹਾ 2024-25 ਲਈ ਅਖ਼ਤਿਆਰੀ ਫ਼ੰਡਾਂ ਨੂੰ ਪ੍ਰਵਾਨਗੀ ਦਾ ਏਜੰਡਾ ਆਇਆ ਤਾਂ ਵਜ਼ੀਰਾਂ ਨੇ ਇੱਕੋ ਸੁਰ ’ਚ ਕਿਹਾ ਕਿ ਉਨ੍ਹਾਂ ਦੇ ਅਖ਼ਤਿਆਰੀ ਕੋਟੇ ਦੇ ਫ਼ੰਡ ਵਧਾਏ ਜਾਣ। ਵਜ਼ੀਰਾਂ ਦਾ ਕਹਿਣਾ ਸੀ ਕਿ ਸਾਲਾਨਾ ਫ਼ੰਡ ਘੱਟ ਹਨ ਜਦਕਿ ਫ਼ੰਡ ਲੈਣ ਦੀ ਝਾਕ ਰੱਖਣ ਵਾਲੇ ਵੱਧ ਹਨ। ਕਈ ਵਜ਼ੀਰਾਂ ਨੇ ਕਿਹਾ ਕਿ ਸਮਾਗਮਾਂ ’ਚੋਂ ਬਿਨਾਂ ਕੁਝ ਦਿੱਤੇ ਖ਼ਾਲੀ ਹੱਥ ਮੁੜਨਾ ਸ਼ੋਭਾ ਨਹੀਂ ਦਿੰਦਾ ਤੇ ਕਈ ਵਾਰੀ ਟਿੱਚਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦਸ ਵਰ੍ਹੇ ਪਹਿਲਾਂ ਸਾਲ 2014-15 ਵਿਚ ਹਰ ਵਜ਼ੀਰ ਨੂੰ ਅਖ਼ਤਿਆਰੀ ਕੋਟੇ ਦੇ ਫ਼ੰਡ ਸਾਲਾਨਾ ਦੋ ਕਰੋੜ ਰੁਪਏ ਮਿਲਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਵਜ਼ੀਰਾਂ ਦਾ ਸਾਲਾਨਾ ਕੋਟਾ ਤਿੰਨ ਕਰੋੜ ਹੋ ਗਿਆ ਸੀ। ਚੰਨੀ ਸਰਕਾਰ ਬਣੀ ਤਾਂ ਕੈਬਨਿਟ ਵਜ਼ੀਰਾਂ ਦਾ ਸਾਲਾਨਾ ਕੋਟਾ ਪੰਜ ਕਰੋੜ ਹੋ ਗਿਆ ਸੀ। ‘ਆਪ’ ਸਰਕਾਰ ਨੇ ਆਪਣੇ ਪਹਿਲੇ ਵਿੱਤੀ ਵਰ੍ਹੇ 2022-23 ’ਚ ਕੈਬਨਿਟ ਵਜ਼ੀਰਾਂ ਦੇ ਅਖ਼ਤਿਆਰੀ ਫ਼ੰਡਾਂ ਦਾ ਕੋਟਾ ਘਟਾ ਕੇ ਡੇਢ ਕਰੋੜ ਕਰ ਦਿੱਤਾ ਅਤੇ ਅਗਲੇ ਵਰ੍ਹੇ 2023-24 ’ਚ ਹੋਰ ਘਟਾ ਕੇ ਇੱਕ ਕਰੋੜ ਰੁਪਏ ਸਾਲਾਨਾ ਕਰ ਦਿੱਤਾ।
ਕੈਬਨਿਟ ਵਜ਼ੀਰ ਆਖਦੇ ਹਨ ਕਿ ਜਦੋਂ ਵੀ ਉਹ ਕਿਸੇ ਪਿੰਡ ਜਾਂ ਸ਼ਹਿਰ ਸਮਾਗਮ ’ਤੇ ਜਾਂਦੇ ਹਨ ਤਾਂ ਪ੍ਰਬੰਧਕ ਫ਼ੰਡਾਂ ਦੀ ਝਾਕ ਰੱਖਦੇ ਹਨ ਪਰ ਉਨ੍ਹਾਂ ਨੂੰ ਕੋਟਾ ਘੱਟ ਹੋਣ ਕਰਕੇ ਟਾਲਾ ਵੱਟਣਾ ਪੈਂਦਾ ਹੈ। ‘ਆਪ’ ਸਰਕਾਰ ਨੇ ਜਿੱਥੇ ਅਖ਼ਤਿਆਰੀ ਫ਼ੰਡਾਂ ਦੇ ਕੋਟੇ ’ਚ ਕਟੌਤੀ ਕੀਤੀ ਹੈ, ਉੱਥੇ ਵਿਧਾਇਕਾਂ ਲਈ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਫ਼ਾਰਮੂਲਾ ਵੀ ਲਾਗੂ ਕੀਤਾ ਹੈ। ਕੈਬਨਿਟ ਮੰਤਰੀ ਦੱਬੀ ਜ਼ੁਬਾਨ ’ਚ ਆਖਦੇ ਹਨ ਕਿ ਉਨ੍ਹਾਂ ਦੀ ਤਨਖ਼ਾਹ ਪ੍ਰਤੀ ਮਹੀਨਾ 1.10 ਲੱਖ ਰੁਪਏ ਸਮੇਤ ਭੱਤੇ ਹੈ ਜੋ ਆਖ਼ਰੀ ਵਾਰ 2017 ਵਿਚ ਵਧੀ ਸੀ ਪਰ ਪੰਜਾਬ ਦੀ ਵਿੱਤੀ ਹਾਲਤ ਇਸ ਵੇਲੇ ਕਾਫ਼ੀ ਨਾਜ਼ੁਕ ਹੈ ਜਿਸ ਕਰਕੇ ਮੁੱਖ ਮੰਤਰੀ ਵਜ਼ੀਰਾਂ ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ’ਚ ਵਾਧੇ ਬਾਰੇ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹਨ। ਅਕਾਲੀ ਹਕੂਮਤ ਵੇਲੇ 2014-15 ਵਿਚ ਮੁੱਖ ਮੰਤਰੀ ਦਾ ਅਖ਼ਤਿਆਰੀ ਫ਼ੰਡਾਂ ਦਾ ਕੋਟਾ 5.50 ਕਰੋੜ ਰੁਪਏ ਸਾਲਾਨਾ ਹੁੰਦਾ ਸੀ। ਕੈਪਟਨ ਸਰਕਾਰ ਨੇ ਮੁੱਖ ਮੰਤਰੀ ਦਾ ਇਹ ਕੋਟਾ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਸੀ ਤੇ ਦੁਬਾਰਾ ਇਹ ਕੋਟਾ ਵਧਾ ਕੇ 50 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਕਾਂਗਰਸ ਸਰਕਾਰ ਦੇ ਆਖ਼ਰੀ ਮਹੀਨਿਆਂ ਵਿਚ ਇਹ ਕੋਟਾ ਹੋਰ ਵਧ ਕੇ 75 ਕਰੋੜ ਰੁਪਏ ਹੋ ਗਿਆ ਸੀ। ‘ਆਪ’ ਸਰਕਾਰ ਨੇ ਪਹਿਲੇ ਸਾਲ ਹੀ ਮੁੱਖ ਮੰਤਰੀ ਦਾ ਅਖ਼ਤਿਆਰੀ ਫ਼ੰਡਾਂ ਦਾ ਕੋਟਾ ਘਟਾ ਕੇ ਪੰਜ ਕਰੋੜ ਕਰ ਦਿੱਤਾ ਸੀ ਅਤੇ ਸਾਲ 2023-23 ਵਿਚ ਵਧਾ ਕੇ 37 ਕਰੋੜ ਕਰ ਦਿੱਤਾ ਗਿਆ। ਮੌਜੂਦਾ ਵਿੱਤੀ ਵਰ੍ਹੇ ’ਚ ਇਹ ਕੋਟਾ 38 ਕਰੋੜ ਰੁਪਏ ਸਾਲਾਨਾ ਹੈ। ਕੈਬਨਿਟ ਨੇ ਚਾਲੂ ਮਾਲੀ ਵਰ੍ਹੇ ਲਈ ਅਖ਼ਤਿਆਰੀ ਫ਼ੰਡਾਂ ਲਈ 52 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ ਹੈ। ਹਾਲਾਂਕਿ ਚਾਲੂ ਵਰ੍ਹੇ ਦੇ ਪੰਜ ਮਹੀਨੇ ਬੀਤ ਚੁੱਕੇ ਹਨ।
ਮੁੱਖ ਮੰਤਰੀ ਨੇ ਆਪਣੇ ਕੋਟੇ ’ਚੋਂ ਦਿੱਤੇ ਫੰਡ
ਪਤਾ ਲੱਗਾ ਹੈ ਕਿ ਜਿਉਂ ਹੀ 14 ਅਗਸਤ ਦੀ ਕੈਬਨਿਟ ਮੀਟਿੰਗ ਵਿੱਚ ਵਜ਼ੀਰਾਂ ਦੀ ਫ਼ੰਡਾਂ ਦਾ ਮਾਮਲਾ ਆਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਰੀ ਆਪਣੇ ਮੁੱਖ ਮੰਤਰੀ ਵਾਲੇ ਕੋਟੇ ’ਚੋਂ ਹਰ ਵਜ਼ੀਰ ਨੂੰ ਡੇਢ-ਡੇਢ ਕਰੋੜ ਦੇਣ ਦਾ ਐਲਾਨ ਕਰ ਦਿੱਤਾ। 14 ਕੈਬਨਿਟ ਵਜ਼ੀਰਾਂ ਦਾ ਹੁਣ ਪ੍ਰਤੀ ਵਜ਼ੀਰ ਸਾਲਾਨਾ ਕੋਟਾ ਇੱਕ ਤਰੀਕੇ ਨਾਲ ਢਾਈ ਕਰੋੜ ਰੁਪਏ ਹੋ ਜਾਵੇਗਾ। ਮੁੱਖ ਮੰਤਰੀ ਦੇ ਫ਼ੈਸਲੇ ਤੋਂ ਵਜ਼ੀਰ ਖੁਸ਼ ਹਨ।