ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਗਸਤ
ਸ਼੍ੋਮਣੀ ਲਿਖਾਰੀ ਬੋਰਡ ਵੱਲੋਂ ਸਵਰਗੀ ਲੇਖਕ ਅਵਤਾਰ ਸਿੰਘ ਤੂਫਾਨ ਦੀ 27ਵੀਂ ਬਰਸੀ ਮੌਕੇ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਲਿਖੀ ਪੁਸਤਕ ‘ਸਿੱਖੀ ਦੀ ਮਹਿਕ’ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਦੀ ਰਸਮ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਸਮਾਗਮ ਦੀ ਪ੍ਰਬੰਧਕ ਸੰਸਥਾ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਤੇ ਜਨਰਲ ਸਕੱਤਰ ਪਵਨਪ੍ਰੀਤ ਸਿੰਘ ਤੂਫਾਨ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸ਼੍ਰੋਮਣੀ ਸਾਹਿਤਕਾਰ ਡਾ. ਫਕੀਰ ਚੰਦ ਸ਼ੁਕਲਾ, ਸੁਸ਼ੀਲ ਦੁਸਾਂਝ, ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ ਅਤੇ ਰਵਿੰਦਰ ਭੱਠਲ ਵੱਲੋਂ ਨਿਭਾਈ ਗਈ। ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਨੇ ਪੁਸਤਕ ਸਬੰਧੀ ਪੇਪਰ ਪੜ੍ਹਿਆ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਵਤਾਰ ਸਿੰਘ ਤੂਫਾਨ ਸਟੇਜ ਦੇ ਨਾਲ-ਨਾਲ ਕਲਮ ਦੇ ਵੀ ਧਨੀ ਸਨ। ਛੰਦਬੰਦੀ ਵਿੱਚ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਪਿੰਗਲ ਅਤੇ ਅਰੂਜ਼ ਦਾ ਗੂੜ੍ਹਾ ਗਿਆਨ ਸੀ। ‘ਸਿੱਖੀ ਦੀ ਮਹਿਕ’ ਉਨ੍ਹਾਂ ਦੀਆਂ ਲਿਖੀਆਂ ਨਿਰੋਲ ਧਾਰਮਿਕ ਕਵਿਤਾਵਾਂ ਦੀ ਪੁਸਤਕ ਹੈ। ਇਸ ਮੌਕੇ ਹਰਦੇਵ ਸਿੰਘ ਕਲਸੀ, ਚਰਨਜੀਤ ਸਿੰਘ ਚੰਨ, ਭੁਪਿੰਦਰ ਸਿੰਘ ਸੈਣੀ ਅਤੇ ਦਲਬੀਰ ਸਿੰਘ ਕਲੇਰ ਨੇ ਲੇਖਕ ਤੂਫ਼ਾਨ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਜਦਕਿ ਗਾਇਕ ਭਗਵੰਤ ਸਿੰਘ ਅਹੂਜਾ, ਪ੍ਰਮਿੰਦਰ ਸਿੰਘ ਅਲਬੇਲਾ, ਸ਼ਰੂਤੀ, ਕੰਵਲ ਵਾਲੀਆ, ਸੁਨਿਧੀ ਸ਼ਰਮਾ, ਕਮਲਪ੍ਰੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਆਦਿ ਨੇ ਉਨ੍ਹਾਂ ਦੇ ਲਿਖੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਕੇ ਸਾਧੂ ਸਿੰਘ, ਗੁਰਪ੍ਰੀਤ ਕੌਰ, ਐਡਵੋਕੇਟ ਪ੍ਰਮਜੀਤ ਕਪੂਰ, ਹਰਮੀਤ ਕੌਰ ਸੂਦ, ਮਨਿੰਦਰ ਸਿੰਘ ਸੂਦ, ਪ੍ਰੀਤ ਸਾਹਿਤ ਸਦਨ ਤੋਂ ਰੀਮਾ ਸ਼ਰਮਾ, ਜਸਬੀਰ ਸਿੰਘ ਛਤਵਾਲ, ਜਸਮੇਲ ਸਿੰਘ ਰੰਧਾਵਾ, ਡਾ. ਸ਼ਮਸ਼ੇਰ ਸਿੰਘ ਸੰਧੂ, ਸੁਰਿੰਦਰ ਸਿੰਘ ਕਾਲੜਾ, ਹਰਜੀਤ ਸਿੰਘ ਤੇ ਮਨਜੀਤ ਸਿੰਘ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।