ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਸਰਕਾਰੀ ਰਣਬੀਰ ਕਾਲਜ ਵਿੱਚ ਵਿਦਿਆਰਥੀਆਂ ਨੂੰ ਦਰਪਸ਼ ਸਮੱਸਿਆਵਾਂ ਦੇ ਹੱਲ ਲਈ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ। ਵਿਦਿਆਰਥੀ ਜਥੇਬੰਦੀਆਂ ਦੇ ਵਫ਼ਦ ਨੇ ਕਿਹਾ ਕਿ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦੇ ਆਈਡੀ ਕਾਰਡ ਹਾਲੇ ਤੱਕ ਨਹੀਂ ਬਣੇ ਅਤੇ ਨਾ ਹੀ ਕਲਾਸਾਂ ਸ਼ੁਰੂ ਨਹੀਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਆਈਡੀ ਕਾਰਡ ਜਲਦੀ ਜਾਰੀ ਕੀਤੇ ਜਾਣ ਅਤੇ ਕਲਾਸਾਂ ਜਲਦੀ ਲਗਾਈਆਂ ਜਾਣ। ਪਿਛਲੇ ਦਿਨੀਂ ਕਾਲਜ ਦੇ ਸੁਰੱਖਿਆ ਗਾਰਡ ਨਾਲ ਵਾਪਰੀ ਘਟਨਾ ਦੇ ਮੱਦੇਨਜ਼ਰ ਕਾਲਜ ਦਾ ਸੁਰੱਖਿਆ ਪ੍ਰਬੰਧ ਬਿਹਤਰ ਕੀਤਾ ਜਾਵੇ, ਕਾਲਜ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਬਾਥਰੂਮਾਂ ਦੀ ਸਫ਼ਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਲਾਇਬ੍ਰੇਰੀ ਵਿੱਚ ਫਰਨੀਚਰ ਅਤੇ ਸਫ਼ਾਈ ਦਾ ਪ੍ਰਬੰਧ ਪੁਖਤਾ ਤੌਰ ’ਤੇ ਕੀਤਾ ਜਾਵੇ, ਕਲਾਸਾਂ ਦੀ ਰੋਜ਼ਾਨਾ ਸਾਫ਼-ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਤਾਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਕੀਤਾ ਜਾਵੇਗਾ।