ਬੰਗਲੂਰੂ, 25 ਅਗਸਤ
ਕਰਨਾਟਕ ਹਾਈ ਕੋਰਟ ਨੇ ਅਮਰੀਕਾ ਵਿੱਚ ਬੱਚੇ ਦੇ ਜਨਮ ਮਗਰੋਂ ਪਤਨੀ ਨੂੰ ਫਰੈਂਚ ਫਰਾਈਜ਼ ਖਾਣ ਤੋਂ ਰੋਕਣ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਚੱਲ ਰਹੀ ਜਾਂਚ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਨਾਗਪ੍ਰਸੰਨਾ ਨੇ ਇਸ ਮਾਮਲੇ ’ਚ ਇੱਕ ਵਿਅਕਤੀ ਖ਼ਿਲਾਫ਼ ਦੋਸ਼ਾਂ ਨੂੰ ਮਾਮੂਲੀ ਦੱਸਦਿਆਂ ਜਾਂਚ ਰੋਕ ਦਿੱਤੀ। ਜੱਜ ਨੇ ਫ਼ੈਸਲਾ ਸੁਣਾਉਂਦਿਆਂ ਟਿੱਪਣੀ ਕੀਤੀ ਕਿ ਜਾਂਚ ਜਾਰੀ ਰੱਖਣੀ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ। ਔਰਤ ਦੇ ਪਤੀ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਜਾਂਚ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਕਿਹਾ, ‘‘ਪਤੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਜਾਂਚ ਦੀ ਆਗਿਆ ਦੇਣੀ ਕਾਨੂੰਨੀ ਅਮਲ ਦੀ ਦੁਰਵਰਤੋਂ ਹੋਵੇਗੀ ਅਤੇ ਪਤਨੀ ਵੱਲੋਂ ਇਸ ਦੋਸ਼ ਨੂੰ ਬਲ ਮਿਲੇਗਾ ਉਸ ਨੂੰ ਕਿਸੇ ਸਮੇਂ ਫਰੈਂਚ ਫਰਾਈਜ਼ ਖਾਣ ਨੂੰ ਨਹੀਂ ਦਿੱਤੀਆਂ ਗਈਆਂ ਸਨ। ਇਸ ਕਰਕੇ ਪਤੀ ਖਿਲਾਫ਼ ਜਾਂਚ ’ਤੇ ਰੋਕ ਲਾਉਣ ਦਾ ਹੁਕਮ ਦਿੱਤਾ ਜਾਂਦਾ ਹੈ।’’ ਅਮਰੀਕਾ ’ਚ ਕੰਮ ਕਰਦੀ ਔਰਤ ਦੇ ਪਤੀ ਵੱਲੋਂ ਪੁਲੀਸ ਨੂੰ ਜਾਂਚ ’ਚ ਸਹਿਯੋਗ ਦਾ ਭਰੋਸਾ ਦਿੱਤੇ ਜਾਣ ’ਤੇ ਅਦਾਲਤ ਉਸ (ਪਤੀ) ਨੂੰ ਨੌਕਰੀ ’ਤੇ ਮੁੜਨ ਦੀ ਆਗਿਆ ਵੀ ਦੇ ਦਿੱਤੀ। -ਪੀਟੀਆਈ