ਢਾਕਾ, 25 ਅਗਸਤ
ਬੰਗਲਾਦੇਸ਼ ਦੀ ਅਹੁਦੇ ਤੋਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਸਹਿਯੋਗੀਆਂ ਖ਼ਿਲਾਫ਼ ਹੱਤਿਆ ਦੇ ਘੱਟੋ-ਘੱਟ ਚਾਰ ਹੋਰ ਕੇਸ ਦਰਜ ਕੀਤੇ ਗਏ ਹਨ। ਅੱਜ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ।
ਸਰਕਾਰੀ ਖ਼ਬਰ ਏਜੰਸੀ ‘ਬੀਐੱਸਐੱਸ’ ਦੀ ਖ਼ਬਰ ਮੁਤਾਬਕ, ਸਾਲ 2010 ਵਿੱਚ ਬੰਗਲਾਦੇਸ਼ ਰਾਈਫਲਜ਼ (ਬੀਡੀਆਰ) ਦੇ ਇਕ ਅਧਿਕਾਰੀ ਅਬਦੁਰ ਰਹੀਮ ਦੀ ਮੌਤ ਦੇ ਮਾਮਲੇ ਵਿੱਚ ਅੱਜ ਹਸੀਨਾ (76), ਬੰਗਲਾਦੇਸ਼ ਸੀਮਾ ਰੱਖਿਅਕ ਬਲ (ਬੀਜੀਬੀ) ਦੇ ਸਾਬਕਾ ਡਾਇਰੈਕਟਰ ਜਨਰਲ ਅਜ਼ੀਜ਼ ਅਹਿਮਦ ਅਤੇ 11 ਹੋਰਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ। ਬੀਡੀਆਰ ਦੇ ਇਕ ਸਾਬਕਾ ਉਪ ਸਹਾਇਕ ਡਾਇਰੈਕਟਰ (ਡੀਏਡੀ) ਰਹੀਮ 2010 ਵਿੱਚ ਪਿਲਖਾਨਾ ’ਚ ਕਤਲੇਆਮ ਦੇ ਸਿਲਸਿਲੇ ਵਿੱਚ ਦਰਜ ਕੇਸ ਵਿੱਚ ਮੁਲਜ਼ਮ ਸਨ। ਉਸੇ ਸਾਲ 29 ਜੁਲਾਈ ਨੂੰ ਹਿਰਾਸਤ ਵਿੱਚ ਰਹਿੰਦੇ ਹੋਏ ਜੇਲ੍ਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਰਹੀਮ ਦੇ ਪੁੱਤਰ ਵਕੀਲ ਅਬਦੁਲ ਅਜ਼ੀਜ਼ ਨੇ ਢਾਕਾ ਮੈਟਰੋਪੋਲੀਟਨ ਮੈਜਿਸਟਰੇਟ ਮੁਹੰਮਦ ਅਖ਼ਤਰਉੱਜ਼ਮਾਨ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਵਾਇਆ। ਖ਼ਬਰ ਏਜੰਸੀ ਨੇ ਦੱਸਿਆ ਕਿ 18 ਜੁਲਾਈ ਨੂੰ ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਫੌਜੀ ਵਿਗਿਆਨ ਤੇ ਤਕਨਾਲੋਜੀ ਸੰਸਥਾ (ਐੱਮਆਈਐੱਸਟੀ) ਦੇ ਇਕ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿੱਚ ਹਸੀਨਾ ਅਤੇ 48 ਹੋਰਾਂ ਖ਼ਿਲਾਫ਼ ਐਤਵਾਰ ਨੂੰ ਹੱਤਿਆ ਦਾ ਇਕ ਹੋਰ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਆਵਾਮੀ ਲੀਗ ਦੇ ਜਨਰਲ ਸਕੱਤਰ ਅਤੇ ਸਾਬਕਾ ਰੋਡ ਟਰਾਂਸਪੋਰਟ ਤੇ ਪੁਲ ਮੰਤਰੀ ਓਬੈਦੁੱਲ ਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ੱਮਾਨ ਖਾਨ ਤੇ ਹੋਰਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਹਾਲ ਹੀ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਧਾਨੀ ਵਿੱਚ ਟਰੇਡਿੰਗ ਕਾਰਪੋਰੇਸ਼ਨ ਆਫ ਬੰਗਲਾਦੇਸ਼ (ਟੀਸੀਬੀ) ਦੇ ਉਤਪਾਦਾਂ ਦੇ ਇਕ ਵਿਕਰੇਤਾ ਦੀ ਹੱਤਿਆ ਨੂੰ ਲੈ ਕੇ ਹਸੀਨਾ ਅਤੇ 27 ਹੋਰਾਂ ਖ਼ਿਲਾਫ਼ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਆਵਾਮੀ ਲੀਗ ਦੇ ਜਨਰਲ ਸਕੱਤਰ ਓਬੈੈਦੁੱਲਾ ਕਾਦਰ ਅਤੇ ਸਾਬਕਾ ਮੰਤਰੀ ਅਨਿਸੁਲ ਹੱਕ ਤੇ ਤਾਜੁਲ ਇਸਲਾਮ ਹੋਰ ਪ੍ਰਮੁੱਖ ਮੁਲਜ਼ਮ ਹਨ।
ਹਾਲ ਹੀ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਧਾਨੀ ਵਿੱਚ ਇਕ ਆਟੋ ਰਿਕਸ਼ਾ ਚਾਲਕ ਦੀ ਹੱਤਿਆ ਨੂੰ ਲੈ ਕੇ ਹਸੀਨਾ ਸਣੇ 25 ਜਣਿਆਂ ਖ਼ਿਲਾਫ਼ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ