ਇਸਲਾਮਾਬਾਦ, 25 ਅਗਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ, ਖ਼ਿਲਾਫ਼ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਸਬੰਧੀ ਕੇਸਾਂ ਵਿੱਚ ਮੁਕੱਦਮਾ ਫੌਜੀ ਅਦਾਲਤ ’ਚ ਚੱਲ ਸਕਦਾ ਹੈ। ਇਹ ਜਾਣਕਾਰੀ ਸਰਕਾਰ ਦੇ ਇਕ ਤਰਜਮਾਨ ਨੇ ਦਿੱਤੀ। ’ਡਾਅਨ’ ਅਖ਼ਬਾਰ ਨੇ ਕਾਨੂੰਨੀ ਮਾਮਲਿਆਂ ਬਾਰੇ ਸਰਕਾਰ ਦੇ ਤਰਜਮਾਨ ਬੈਰਿਸਟਰ ਅਕੀਲ ਮਲਿਕ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ ਸਾਲ 9 ਮਈ ਨੂੰ ਵਾਪਰੇ ਘਟਨਾਕ੍ਰਮ ਤੇ ਭੰਨ-ਤੋੜ ਦੇ ਸਬੰਧ ਵਿੱਚ ਫੌਜੀ ਐਕਟ ਲੱਗ ਸਕਦਾ ਹੈ ਕਿਉਂਕਿ ਇਸ ਦੌਰਾਨ ਫੌਜੀ ਟਿਕਾਣਿਆਂ ’ਤੇ ਹਮਲਾ ਕਰ ਕੇ ਉੱਥੇ ਭੰਨ-ਤੋੜ ਕੀਤੀ ਗਈ ਸੀ।
ਨੀਮ ਫੌਜ ਬਲਾਂ ਦੇ ਰੇਂਜਰਾਂ ਵੱਲੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ 71 ਸਾਲਾ ਸੰਸਥਾਪਕ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ’ਚੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਿਛਲੇ ਸਾਲ 9 ਮਈ ਨੂੰ ਹਿੰਸਾ ਭੜਕ ਗਈ ਸੀ। ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਜਿਨਾਹ ਹਾਊਸ (ਲਾਹੌਰ ਕੋਰ ਕਮਾਂਡਰ ਹਾਊਸ), ਮੀਆਂਵਾਲੀ ਏਅਰਬੇਸ ਅਤੇ ਫ਼ੈਸਲਾਬਾਦ ’ਚ ਸਥਿਤ ਆਈਐੱਸਆਈ ਦੀ ਇਮਾਰਤ ਸਣੇ ਕਰੀਬ ਇਕ ਦਰਜਨ ਫੌਜੀ ਟਿਕਾਣਿਆਂ ’ਚ ਭੰਨ-ਤੋੜ ਕੀਤੀ ਸੀ। -ਪੀਟੀਆਈ