ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਗਸਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ਨੂੰ ਮੁਲਾਜ਼ਮਾਂ ਲਈ ਨੁਕਸਾਨਦੇਹ ਅਤੇ ਕਾਰਪੋਰੇਟ ਜਗਤ ਲਈ ਫਾਇਦੇਮੰਦ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸਕੱਤਰ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਸਮੁੱਚਾ ਮੁਲਾਜ਼ਮ ਵਰਗ ਸਾਲ-2004 ਵਿੱਚ ਪੁਰਾਣੀ ਪੈਨਸ਼ਨ ਬੰਦ ਹੋਣ ਮਗਰੋਂ ਲਾਗੂ ਕੀਤੇ ਗਏ ਐੱਨਪੀਐੱਸ ਵਿਰੁੱਧ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਹੈ। ਸੰਘਰਸ਼ ਦੇ ਦਬਾਅ ਕਾਰਨ 24 ਅਗਸਤ ਨੂੰ ਕੇਂਦਰ ਸਰਕਾਰ ਨੇ ਐੱਨਪੀਐੱਸ ਬੰਦ ਕਰਕੇ ਯੂਪੀਐੱਸ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂ ਕਿ ਇਸਦਾ ਐੱਸਓਪੀ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਪ੍ਰੰਤੂ ਜਿੰਨੀ ਕੁ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਉਸ ਮੁਤਾਬਕ ਇਸ ਸਕੀਮ ਦਾ ਸਿੱਧਾ ਫਾਇਦਾ ਕਾਰਪੋਰੇਟ ਜਗਤ ਨੂੰ ਹੁੰਦਾ ਪ੍ਰਤੀਤ ਹੋ ਰਿਹਾ ਹੈ।