ਦੀਪਕਮਲ ਕੌਰ
ਜਲੰਧਰ, 25 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਦੀ 11 ਏਕੜ ਥਾਂ ਵਿੱਚ ਘਰ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਐਲਾਨ ਕੀਤਾ ਸੀ ਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣਗੇ ਜਿਸ ਤਹਿਤ ਇਹ ਮਕਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਘਰ ਪੁਰਾਣੀ ਬਾਰਾਂਦਰੀ ਖੇਤਰ ਵਿਚ ਹੈ ਤੇ ਇਸ ਮਕਾਨ ਦਾ ਨੰਬਰ ਇਕ ਹੈ। ਇਹ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਤੋਂ ਵੀ ਪੁਰਾਣਾ ਹੈ। ਇਹ ਥਾਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ ਤੇ 1848 ਵਿੱਚ ਜਲੰਧਰ ਦੇ ਕਮਿਸ਼ਨਰ ਸਰ ਜੌਹਨ ਲਾਰੈਂਸ ਨੇ ਇੱਥੇ ਰਹਿਣਾ ਸ਼ੁਰੂ ਕੀਤਾ। ਇਹ ਘਰ ਉਸ ਵੇਲੇ ਦੀਆਂ ਨਾਨਕਸ਼ਾਹੀ ਇੱਟਾਂ ਨਾਲ ਉਸਾਰਿਆ ਗਿਆ ਸੀ।
ਹੁਣ ਇਸ ਘਰ ਦੀ ਬਾਹਰਲੀ ਦੀਵਾਰ ਤੇ ਇਮਾਰਤ ਦਾ ਅੰਦਰਲਾ ਹਿੱਸਾ ਪਹਿਲਾਂ ਵਾਲਾ ਹੀ ਰੱਖਿਆ ਜਾਵੇਗਾ। ਇਸ ਦੇ ਮੇਨ ਹਾਲ ਵਿਚ ਬਰਤਾਨਵੀ ਰਾਜ ਵੇਲੇ ਦੀਆਂ ਦੋ ਰਾਈਫਲਾਂ ਵੀ ਟੰਗੀਆਂ ਹੋਈਆਂ ਹਨ। ਇਸ ਘਰ ਵਿਚ ਚਾਰ ਡਰਾਇੰਗ ਰੂਮ, ਚਾਰ ਬੈੱਡਰੂਮ, ਤਿੰਨ ਦਫਤਰੀ ਕਮਰੇ ਤੇ ਇਕ ਖੁੱਲ੍ਹਾ ਵਰਾਂਡਾ ਹੈ। ਇਸ ਤੋਂ ਇਲਾਵਾ ਇੱਥੇ ਰਹਿਣ ਵਾਲੇ ਸਟਾਫ ਲਈ ਦੋ-ਦੋ ਕਮਰਿਆਂ ਦੇ ਦਸ ਸੈੱਟ ਬਣਾਏ ਗਏ ਹਨ। ਇਸ ਇਮਾਰਤ ਦੇ ਆਸ-ਪਾਸ ਦੀ ਲੈਂਡਸਕੇਪ ਅੱਖਾਂ ਨੂੰ ਚੰਗੀ ਲਗਦੀ ਹੈ। ਇਸ ਇਮਾਰਤ ਦੇ ਬਾਹਰ ਵੱਡੀ ਝੀਲ ਤੇ ਕਈ ਬਗੀਚੇ ਹਨ।
ਇਸ ਘਰ ਨੂੰ ਪਿਛਲੇ 176 ਸਾਲਾਂ ਵਿਚ 140 ਕਮਿਸ਼ਨਰਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਸੀ। ਇਥੇ ਆਖ਼ਰੀ ਰਹਿਣ ਵਾਲੇ ਕਮਿਸ਼ਨਰ ਆਈਏਐੱਸ ਗੁਰਪ੍ਰੀਤ ਸਪਰਾ ਸਨ ਜਿਨ੍ਹਾਂ ਨੂੰ ਇਹ ਘਰ ਖਾਲੀ ਕਰਨ ਲਈ ਕਿਹਾ ਗਿਆ ਕਿਉਂਕਿ ਇਸ ਘਰ ਨੂੰ ਮੁੱਖ ਮੰਤਰੀ ਦਾ ਰੈਣ ਬਸੇਰਾ ਬਣਾਉਣ ਲਈ ਤਿਆਰ ਕਰਨਾ ਸੀ। ਇੱਥੋਂ ਦੇ ਨਵੇਂ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ ਕੋਲ ਇੱਥੋਂ ਦੇ ਜੇਪੀ ਨਗਰ ਵਿਚ ਆਪਣਾ ਘਰ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਘਰ ਵਿਚ ਰਹਿਣ ਵਾਲੇ 141ਵੇਂ ਸ਼ਖ਼ਸ ਹੋਣਗੇ। ਉਹ ਇਸ ਵਿਚ ਕੋਈ ਬਦਲਾਅ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਇਸ ਇਮਾਰਤ ਨੂੰ ਭਾਰਤੀ ਪੁਰਾਤੱਤਵ ਵਿਭਾਗ ਨੇ ਸਾਲ 2002-03 ਵਿਚ ‘ਸੰਭਾਲੀ ਹੋਈ ਯਾਦਗਾਰ’ ਦਾ ਦਰਜਾ ਦਿੱਤਾ ਸੀ। ਇਸ ਇਮਾਰਤ ਦੀਆਂ ਛੱਤਾਂ ਦੀ ਮਾਮੂਲੀ ਮੁਰੰਮਤ ਕੀਤੀ ਜਾਵੇਗੀ ਤੇ ਵਿਰਾਸਤੀ ਦਰਜੇ ਕਾਰਨ ਹੋਰ ਛੇੜਛਾੜ ਨਹੀਂਂ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਭਗਵੰਤ ਮਾਨ ਇਸ ਘਰ ਵਿੱਚ ਰਹਿਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਨਾਲ ਇਤਿਹਾਸ ਜੁੜਿਆ ਹੋਇਆ ਹੈ।
ਮਾਹਿਰ ਕਰਨ ਇਮਾਰਤ ਦੀ ਮੁਰੰਮਤ: ਅਧਿਕਾਰੀ
ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟਸ ਐਂਡ ਕਲਚਰਲ ਹੈਰੀਟੇਜ (ਇੰਟਕ) ਦੇ ਸੂਬਾ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਨੇ ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਇਤਿਹਾਸ ਸਮੋਈ ਬੈਠੀ ਇਸ ਵਿਰਾਸਤੀ ਇਮਾਰਤ ਦੀ ਹੁਣ ਸ਼ਲਾਘਾ ਹੋ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਇਸ ਇਮਾਰਤ ਵਿਚ ਆਪਣਾ ਰੈਣ ਬਸੇਰਾ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਇਮਾਰਤ ਦੀ ਸੰਭਾਲ ਤੇ ਮੁਰੰਮਤ ਵੀ ਮਾਹਰਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ, ਜੇ ਇਸ ਵਿਚ ਕੋਈ ਬਦਲਾਅ ਕਰਨਾ ਵੀ ਹੈ ਤਾਂ ਵੀ ਉਸੇ ਸਮੱਗਰੀ ਨਾਲ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਪਹਿਲੇ ਸਮੇਂ ਵਿਚ ਵਰਤੋਂ ਕੀਤੀ ਗਈ ਸੀ।