ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਵਾਰਕਾ ਦੇ ਨਜਫਗੜ੍ਹ ਇਲਾਕੇ ’ਚ 6ਵੀਂ ਜਮਾਤ ਦਾ ਵਿਦਿਆਰਥੀ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਸਕੂਲ ਲੈ ਗਿਆ। ਸਕੂਲ ਮੈਨੇਜਮੈਂਟ ਵੱਲੋਂ ਸ਼ਨਿੱਚਰਵਾਰ ਨੂੰ ਬੱਚੇ ਦੀ ਮਾਂ ਨੂੰ ਸਕੂਲ ਬੁਲਾਇਆ ਗਿਆ। ਮਾਂ ਨੇ ਦੱਸਿਆ ਕਿ ਉਸ ਦੇ ਪਤੀ ਨੇ ਲਾਇਸੈਂਸੀ ਪਿਸਤੌਲ ਖਰੀਦਿਆ ਸੀ, ਪਿਸਤੌਲ ਬਿਨਾਂ ਮੈਗਜ਼ੀਨ ਤੋਂ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮਹਿਲਾ ਨੇ ਇਸ ਹਥਿਆਰ ਨੂੰ ਪੁਲੀਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਉਣ ਲਈ ਰੱਖਿਆ ਹੋਇਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁੱਛ-ਪੜਤਾਲ ਕਰਨ ’ਤੇ ਲੜਕੇ ਨੇ ਕਿਹਾ ਕਿ ਇਹ ਪਿਸਤੌਲ ਉਸ ਨੂੰ ਖਿਡੌਣਾ ਲੱਗਦਾ ਹੈ। ਪਿਸਤੌਲ ਦੇ ਲਾਇਸੈਂਸ ਦੀ ਜਾਂਚ ਕੀਤੀ ਗਈ ਜੋ ਕਿ ਸਹੀ ਪਾਈ ਗਈ ਅਤੇ ਇਸ ਮਾਮਲੇ ਵਿੱਚ ਕੋਈ ਕੇਸ ਨਹੀਂ ਦਰਜ ਕੀਤਾ ਗਿਆ।