ਪੱਤਰ ਪ੍ਰੇਰਕ
ਮਾਨਸਾ, 25 ਅਗਸਤ
ਇੱਥੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਅਤੇ ਆਰਐਮਪੀਆਈ ਖੱਬੇ ਪੱਖੀ ਇਨਕਲਾਬੀ ਪਾਰਟੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇਨਕਲਾਬੀ ਲਹਿਰ ਉਸਾਰਨ ਦੇ ਸੂਬਾਈ ਸੱਦੇ ਤਹਿਤ ਸਾਂਝੀ ਲਾਮਬੰਦੀ ਆਰੰਭ ਕੀਤੀ ਗਈ। ਰਾਜਵਿੰਦਰ ਸਿੰਘ ਰਾਣਾ ਵੱਲੋਂ ਕੀਤੀ ਗਈ ਮੀਟਿੰਗ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਕਾਮਰੇਡ ਲਾਲਚੰਦ ਅਤੇ ਕਾਮਰੇਡ ਜਸਵੀਰ ਕੌਰ ਨੱਤ ਨੇ ਕਿਹਾ ਕਿ ਮੁੱਖ ਤੌਰ ’ਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਖਿਲਾਫ਼ ਪੰਜਾਬ ਵਿੱਚ ਕਿਰਤੀਆਂ, ਕਿਸਾਨਾਂ ਸਹਿਤ ਛੋਟੇ ਦੁਕਾਨਦਾਰਾਂ, ਵਾਪਰੀਆਂ ਨੂੰ ਲਾਮਬੰਦ ਕਰਨ ਲਈ ਖੱਬੇ ਪੱਖੀ ਪਾਰਟੀਆਂ ਵੱਲੋਂ ਸਿਆਸੀ ਮੁਹਿੰਮ ਚਲਾਈ ਜਾਵੇਗੀ। ਪਹਿਲੀ ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਦਿਨ ਨੂੰ ਸਮਰਪਿਤ ਇਨਕਲਾਬੀ ਮਾਰਚ, ਕਨਵੈਨਸ਼ਨਾਂ ਅਤੇ ਜਨਤਕ ਇਕੱਠ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਦੀ ਤਿਆਰੀ ਵਜੋਂ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾ ਕੇ 13 ਨੂੰ ਸਰਦੂਲਗੜ੍ਹ ਦੇ ਵਿਧਾਇਕ ਅਤੇ 16 ਨੂੰ ਮਾਨਸਾ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 27 ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਕੇ ਸਰਕਾਰ ਖਿਲਾਫ਼ ਰੋਸ ਮਾਰਚ ਕੱਢਿਆ ਜਾਵੇਗਾ।
ਲਿਬਰੇਸ਼ਨ ਤੇ ਆਰਐੱਮਪੀਆਈ ਦੀ ਸਾਂਝੀ ਮੀਟਿੰਗ
ਬਰਨਾਲਾ (ਖੇਤਰੀ ਪ੍ਰਤੀਨਿਧ): ਤਰਕਸ਼ੀਲ ਭਵਨ ਵਿੱਚ ਸੀਪੀਆਈ (ਐੱਮਐੱਲ) ਲਿਬਰੇਸ਼ਨ ਤੇ ਆਰਐੱਮਪੀਆਈ ਦੀ ਸਾਂਝੀ ਮੀਟਿੰਗ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਤੇ ਆਰਐੱਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ ਨੇ ਕਿਹਾ ਮੀਟਿੰਗ ਦੌਰਾਨ ਮਹਿਸੂਸ ਕੀਤਾ ਗਿਆ ਕਿ ਦੇਸ਼ ਦੀਆਂ ਸਮੁੱਚੀਆਂ ਇਨਕਲਾਬੀ ਤਾਕਤਾਂ ਦੀ ਇੱਕਜੁੱਟਤਾ ਬਿਨਾਂ ‘ਸੰਵਿਧਾਨ ਤੇ ਲੋਕਤੰਤਰ’ ਨੂੰ ਨਹੀਂ ਬਚਾਇਆ ਜਾ ਸਕਦਾ। ਅਜੋਕੀ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦੀ ਆੜ ਲੈ ਕੇ ‘ਆਮ ਆਦਮੀ’ ਦੇ ਨਾਂ ’ਤੇ ਬਣੀ ਭਗਵੰਤ ਮਾਨ ਸਰਕਾਰ ਵੀ ‘ਖਾਸ ਲੋਕਾਂ’ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਸ ਮੌਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਬਰਨਾਲਾ ਸ਼ਹਿਰ ਵਿੱਚ ਲਾਲ ਪਰਚਮ ਲਹਿਰਾਉਂਦੇ ਹੋਏ ‘ਇਨਕਲਾਬੀ ਮਾਰਚ’ ਕੱਢਣ ਦਾ ਐਲਾਨ ਕੀਤਾ।