ਪੱਤਰ ਪ੍ਰੇਰਕ
ਚੰਡੀਗੜ੍ਹ, 26 ਅਗਸਤ
ਯੂਟੀ ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਵਿੱਚ ਜੈ ਬਾਬਾ ਨਗਰ ਖੇੜਾ ਦੰਗਲ ਕਮੇਟੀ, ਪਰਵਾਸੀ ਭਾਰਤੀਆਂ ਅਤੇ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦੰਗਲ ਇੱਥੋਂ ਦੇ ਦਰੋਣਾਚਾਰੀਆ ਸਟੇਡੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਲਗਪਗ 200 ਪਹਿਲਵਾਨਾਂ ਨੇ ਜੌਹਰ ਦਿਖਾਏ। ਦੰਗਲ ਵਿੱਚ ਸੰਸਦ ਮੈਂਬਰ ਮੁਨੀਸ਼ ਤਿਵਾੜੀ, ਪੀਸੀਐੱਲ ਦੇ ਸੀਐੱਮਡੀ ਜਗਜੀਤ ਸਿੰਘ ਮਾਝਾ, ਐਡਵੋਕੇਟ ਅਮਰ ਸਿੰਘ ਚਾਹਲ ਨੇ ਕ੍ਰਮਵਾਰ ਮੁੱਖ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ, ਕੌਂਸਲਰ ਹਰਦੀਪ ਸਿੰਘ ਬੁਟੇਰਲਾ ਤੇ ਅੰਕਿਤ ਸਧਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਦੰਗਲ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੈਣੀ, ਮੀਤ ਪ੍ਰਧਾਨ ਅਮਰੀਕ ਸਿੰਘ, ਤਾਰਾ ਸਿੰਘ, ਜਸਵੀਰ ਸਿੰਘ ਅਤੇ ਮਾਸਟਰ ਮੋਹਨ ਸਿੰਘ ਨੇ ਦੱਸਿਆ ਕਿ ਝੰਡੀ ਦੀ ਪਹਿਲੀ ਕੁਸ਼ਤੀ ਪ੍ਰਦੀਪ ਸਪਲੈਂਡਰ ਜ਼ੀਰਕਪੁਰ ਨੇ ਗੌਰਵ ਮਾਛੀਵਾੜਾ ਨੂੰ ਹਰਾ ਕੇ ਜਿੱਤੀ। ਝੰਡੀ ਦੀ ਦੂਜੀ ਕੁਸ਼ਤੀ ਵਿੱਚ ਸ਼ੇਰਾ ਬਾਬਾ ਫਲਾਹੀ ਨੇ ਮੁਕੇਸ਼ ਕੁਰਾਲੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪੁਆਧੀ ਗਾਇਕ ਸਮਰ ਸਿੰਘ ਸੰਮੀ ਐਂਡ ਪਾਰਟੀ ਵੱਲੋਂ ਪੁਆਧੀ ਅਖਾੜਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ।