ਸ਼ਸ਼ੀ ਪਾਲ ਜੈਨ
ਖਰੜ, 26 ਅਗਸਤ
ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਖਾਨਪੁਰ ਵਿੱਚ ਖਰੜ-ਕੁਰਾਲੀ ਸੜਕ ਉੱਤੇ ਸਥਿਤ ਲਾਲਾ ਕਰਮ ਚੰਦ ਬਾਂਸਲ ਫਾਰਮ ਵਿੱਚ ਬਰਸਾਤਾਂ ਦੌਰਾਨ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਫਾਰਮ ਵਿਚ ਲਗਪਗ 4-5 ਏਕੜ ਵਿਚ ਖੜੇ ਨਾਸ਼ਪਾਤੀ, ਅਮਰੂਦ ਅਤੇ ਹੋਰ ਫਲਦਾਰ ਬੂਟੇ ਗਲਣ ਲੱਗ ਪਏ ਹਨ।
ਜ਼ਿਕਰਯੋਗ ਹੈ ਕਿ ਜਦੋਂ ਖਰੜ-ਕੁਰਾਲੀ ਸੜਕ ਚੌੜੀ ਹੋਈ ਤਾਂ ਸੜਕ ਤਾਂ ਬਣਾ ਦਿੱਤੀ ਗਈ ਪਰ ਪਿੰਡ ਖਾਨਪੁਰ ਵਿੱਚ ਸੱਜੇ ਹੱਥ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਨਾਲ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਫਾਰਮ ਅੱਗੇ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਨਾਲ ਇਹ ਪਾਣੀ ਫਾਰਮ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ ਤੇ ਲੰਬਾ ਸਮਾਂ ਖੜ੍ਹਾ ਰਹਿੰਦਾ ਹੈ।
ਇਸ ਫਾਰਮ ਦੇ ਮਾਲਕ ਨੇ ਦੱਸਿਆ ਕਿ ਇਸ ਕੰਮ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਲੋਕ ਨਿਰਮਾਣ ਵਿਭਾਗ ਅਤੇ ਸਥਾਨਕ ਨਗਰ ਕੌਂਸਲ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਸੀ। ਇਸੇ ਦੌਰਾਨ ਐੱਸਡੀਐੱਮ ਗੁਰਮੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਦੋ ਦਿਨਾਂ ਵਿਚ ਹੀ ਇਸ ਸਬੰਧ ਵਿੱਚ ਸਾਰੇ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਇਸ ਦਾ ਹੱਲ ਕੱਢਣਗੇ।
ਜ਼ਿਕਰਯੋਗ ਹੈ ਕਿ ਇਸ ਬਾਗ਼ ਪੰਜਾਬ ਦੇ ਕਈ ਤਤਕਾਲੀ ਮੁੱਖ ਮੰਤਰੀ, ਵਿਦੇਸ਼ੀ ਮਹਿਮਾਨ, ਉੱਚ ਅਧਿਕਾਰੀ ਆ ਚੁੱਕੇ ਹਨ। ਇਸ ਬਾਗ਼ ਵਿੱਚ ਵਿਗਿਆਨੀ ਡਾ. ਐੱਮਐੱਸ ਰੰਧਾਵਾ ਵੱਲੋਂ ਵੀ ਬੂਟੇ ਲਗਾਏ ਗਏ ਸਨ।