* ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਲੂਨਾਂ ਨੂੰ ਨੋਟਿਸ ਜਾਰੀ ਕੀਤੇ
ਚਰਨਜੀਤ ਭੁੱਲਰ
ਚੰਡੀਗੜ੍ਹ, 26 ਅਗਸਤ
ਪੰਜਾਬ ’ਚ ਇੱਕੋ ਕੰਪਨੀ ਦੇ ਲਗਜ਼ਰੀ ਸੈਲੂਨਾਂ ’ਤੇ ਦੋਹਰੇ ਛਾਪਿਆਂ ਦਾ ਭੇਤ ਬਣ ਗਿਆ ਹੈ। ਪਹਿਲਾਂ ਪਾਵਰਕੌਮ ਵੱਲੋਂ ਇੱਕੋ ਕੰਪਨੀ ਦੇ ਲਗਜ਼ਰੀ ਸੈਲੂਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਦੋਂ ਪਾਵਰਕੌਮ ਦੇ ਕੁੱਝ ਹੱਥ ਪੱਲੇ ਨਾ ਲੱਗਿਆ ਤਾਂ ਉਸ ਮਗਰੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਛਾਪੇ ਮਾਰੇ। ਇਸ ਕੰਪਨੀ ਦੇ ਦੇਸ਼ ਭਰ ਵਿਚ 80 ਦੇ ਕਰੀਬ ਸੈਲੂਨ ਹਨ।
ਪਾਵਰਕੌਮ ਨੇ 12 ਅਗਸਤ ਨੂੰ ਜਦ ਮੁਹਾਲੀ, ਅੰਮ੍ਰਿਤਸਰ ਅਤੇ ਜਲੰਧਰ ਵਿਚ ‘ਹੇਅਰ ਮਾਸਟਰ’ ਕੰਪਨੀ ਦੇ ਲਗਜ਼ਰੀ ਸੈਲੂਨਾਂ ’ਤੇ ਛਾਪੇ ਮਾਰੇ ਤਾਂ ਬਹੁਤਾ ਕੁਝ ਹੱਥ ਨਹੀਂ ਲੱਗਿਆ। ਉਸ ਮਗਰੋਂ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਹਿਲੀ ਵਾਰ ਲਗਜ਼ਰੀ ਸੈਲੂਨਾਂ ’ਤੇ ਛਾਪੇ ਮਾਰੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ‘ਹੇਅਰ ਮਾਸਟਰ’ ਦੇ 12 ਸੈਲੂਨਾਂ ’ਤੇ ਛਾਪੇ ਮਾਰੇ ਸਨ। ਪਤਾ ਲੱਗਾ ਹੈ ਕਿ ਨਿਸ਼ਾਨੇ ’ਤੇ ਇੱਕੋ ਲਗਜ਼ਰੀ ਕੰਪਨੀ ਦੇ ਸੈਲੂਨ ਸਨ ਜਦੋਂ ਕਿ ਬਾਕੀਆਂ ’ਤੇ ਦਿਖਾਵੇ ਲਈ ਛਾਪੇ ਮਾਰੇ ਗਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਨ੍ਹਾਂ ਲਗਜ਼ਰੀ ਸੈਲੂਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਪਤਾ ਲੱਗਿਆ ਹੈ ਕਿ ਪੰਜਾਬ ਤੋਂ ਬਾਹਰਲਾ ਇੱਕ ਬੌਸ ਇਨ੍ਹਾਂ ਲਗਜ਼ਰੀ ਸੈਲੂਨਾਂ ਬਾਰੇ ਹੁਕਮ ਦੇ ਰਿਹਾ ਹੈ। ਇਸ ਕੰਪਨੀ ਨਾਲ ਕਿਸੇ ਗੱਲੋਂ ਨੇਤਾ ਦੀ ਅਣਬਣ ਹੋਈ ਪਰ ਇਸ ਦਾ ਭੇਤ ਬਣਿਆ ਹੋਇਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਆਖਦੇ ਹਨ ਕਿ ਕਿਧਰੋਂ ਵੀ ਆਏ ਕਿਸੇ ਹੁਕਮ ’ਤੇ ਛਾਪੇ ਨਹੀਂ ਮਾਰੇ ਗਏ ਬਲਕਿ ਉਨ੍ਹਾਂ ਦੇ ਧਿਆਨ ਵਿਚ ਆਉਣ ਮਗਰੋਂ ਵੱਡੇ ਸੈਲੂਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਸ ਪਿੱਛੇ ਇੱਕੋ ਮਨੋਰਥ ਸੀ ਕਿ ਸੈਲੂਨਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਠੱਲ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਲੂਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਸੁਆਲ ਉੱਠਣ ਲੱਗੇ ਹਨ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਣ ਪੰਜਾਬ ਭਰ ਦੇ ਵੱਡੇ ਸੈਲੂਨਾਂ ਦੀ ਸ਼ਨਾਖ਼ਤ ਕਰਕੇ ਪ੍ਰਦੂਸ਼ਣ ਨੂੰ ਠੱਲ੍ਹਣਾ ਯਕੀਨੀ ਬਣਾਏਗਾ ਜਾਂ ਫਿਰ ਇਹ ਛਾਪੇਮਾਰੀ ਇੱਥੇ ਹੀ ਰੁਕ ਜਾਵੇਗੀ। ਜਦੋਂ ‘ਹੇਅਰ ਮਾਸਟਰ’ ਕੰਪਨੀ ਦੇ ਹਿੱਸੇਦਾਰ ਸਾਹਿਲ ਕਪੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਕੰਪਨੀ ਦੇ ਦਿੱਲੀ, ਮਹਾਰਾਸ਼ਟਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਆਦਿ ਵਿਚ ਵੀ ਲਗਜ਼ਰੀ ਸੈਲੂਨ ਹਨ।