ਰਤਨ ਸਿੰਘ ਢਿੱਲੋਂ
ਅੰਬਾਲਾ, 26 ਅਗਸਤ
ਭਾਜਪਾ ਜ਼ਿਲ੍ਹਾ ਅੰਬਾਲਾ ਦੀ ਮੀਟਿੰਗ ਅੰਬਾਲਾ ਸ਼ਹਿਰ ਸਥਿਤ ਜ਼ਿਲ੍ਹਾ ਦਫ਼ਤਰ ਅੰਬ ਕਮਲ ਵਿੱਚ ਹੋਈ। ਇਸ ਦੀ ਪ੍ਰਧਾਗੀ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਨੇ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਮੁੱਖ ਤੌਰ ’ਤੇ ਮੌਜੂਦ ਸਨ। ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਅਤੇ ਮੰਤਰੀ ਅਸੀਮ ਗੋਇਲ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਮੀਟਿੰਗ ਵਿੱਚ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜਿੱਤ ਦਾ ਮੰਤਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮਜ਼ਬੂਤੀ ਇਸ ਦੇ ਮਜ਼ਬੂਤ ਸੰਗਠਨ ਅਤੇ ਬੂਥ ਪੱਧਰ ਤੱਕ ਦੇ ਵਰਕਰਾਂ ਕਰ ਕੇ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ, ਉਦੋਂ ਹੀ ਬਣਦੀ ਹੈ ਜਦੋਂ ਵਰਕਰ ਬੂਥ ’ਤੇ ਕੰਮ ਕਰਦੇ ਹਨ। ਚੋਣਾਂ ਜਿੱਤਣ ਵਿੱਚ ਵਰਕਰਾਂ ਦੀ ਭੂਮਿਕਾ ਨਿਰਣਾਇਕ ਹੁੰਦੀ ਹੈ।
ਕੇਂਦਰੀ ਮੰਤਰੀ ਨੇ ਕਰਮਚਾਰੀਆਂ ਦੇ ਹਿੱਤ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐਸ) ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਲੋਕ ਪੱਖੀ ਪਾਰਟੀ ਹੈ ਅਤੇ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਕੀਮਾਂ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਪਾਰਟੀ ਦੀਆਂ ਨੀਤੀਆਂ ’ਤੇ ਚੱਲਦਿਆਂ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣਗੇ।
ਮੀਟਿੰਗ ਵਿੱਚ ਸਾਬਕਾ ਵਿਧਾਇਕ ਸੰਤੋਸ਼ ਸਾਰਵਾਨ, ਨੀਤਾ ਖੇੜਾ, ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਤੇ ਕਰਮਚੰਦ ਸੈਣੀ, ਸਾਹਿਬ ਸਿੰਘ ਮੌਹੜੀ, ਲੱਕੀ ਪਾਹਵਾ, ਸਤੀਸ਼ ਮਹਿਤਾ, ਜਸਮੇਰ ਰਾਣਾ, ਰਿਤੇਸ਼ ਗੋਇਲ, ਮੰਡਲ ਪ੍ਰਧਾਨ ਰਾਮ ਚੰਦਰ ਸੈਣੀ ਅਤੇ ਹਰੀਸ਼ ਸ਼ਰਮਾ, ਜ਼ਿਲ੍ਹਾ ਮੀਡੀਆ ਇੰਚਾਰਜ ਸਾਹਿਲ ਕੱਕੜ ਅਤੇ ਹੋਰ ਵਰਕਰ ਹਾਜ਼ਰ ਸਨ।