ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 26 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਮਾਨਸਿਕ ਰੋਗੀ ਦੱਸਦਿਆਂ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਸ ਦਾ ਕਿਸੇ ਚੰਗੇ ਹਸਪਤਾਲ ’ਚੋਂ ਇਲਾਜ ਕਰਵਾਇਆ ਜਾਵੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕਾਹਲੋਂ ਨੇ ਕਿਹਾ ਕਿ ਕੰਗਨਾ ਦੇ ਬਿਆਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਕੰਗਨਾ ਦੇ ਦਿਮਾਗ ਵਿੱਚ ਪੰਜਾਬੀਆਂ (ਖ਼ਾਸ ਕਰ ਕੇ ਸਿੱਖਾਂ ਤੇ ਕਿਸਾਨਾਂ) ਖ਼ਿਲਾਫ਼ ਨਫ਼ਰਤ ਭਰੀ ਹੋਈ ਹੈ। ਪਹਿਲਾਂ ਉਹ ਕਿਸਾਨ ਅੰਦੋਲਨ ਸਮੇਂ ਕਿਸਾਨਾਂ ਨੂੰ ਅਤਿਵਾਦੀ ਤੇ ਵੱਖਵਾਦੀ ਕਹਿ ਕੇ ਭੰਡਦੀ ਰਹੀ ਹੈ ਅਤੇ ਕਿਸਾਨ ਔਰਤਾਂ ਨੂੰ 100-100 ਰੁਪਏ ’ਤੇ ਵਿਕਣ ਵਾਲੀਆਂ ਔਰਤਾਂ ਦੱਸਦੀ ਰਹੀ ਹੈ। ਕੇਂਦਰ ਸਰਕਾਰ ਦੀ ਸ਼ਹਿ ਮਿਲਣ ਕਾਰਨ ਉਹ ਲਗਾਤਾਰ ਸਿੱਖਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਸ੍ਰੀ ਕਾਹਲੋਂ ਨੇ ਕਿਹਾ ਕਿ ਇਸ ਫ਼ਿਲਮੀ ਅਦਾਕਾਰਾ ਦੀ ਨਫ਼ਰਤ ਭਰੀ ਸੋਚ ਦੇ ਬਾਵਜੂਦ ਭਾਜਪਾ ਨੇ ਉਸ ਨੂੰ ਟਿਕਟ ਦਿੱਤੀ। ਉਨ੍ਹਾਂ ਕਿਹਾ ਕਿ ਕੰਗਨਾ ਵੱਲੋਂ ਇਤਿਹਾਸ ਤੋਂ ਅਣਜਾਣ ਹੋਣ ਦੇ ਬਾਵਜੂਦ ਐਮਰਜੈਂਸੀ ਜਿਹੀ ਵਿਵਾਦਿਤ ਫ਼ਿਲਮ ਬਣਾਉਣਾ ਇਸ ਦੀ ਨਫ਼ਰਤੀ ਸੋਚ ਦਾ ਪ੍ਰਗਟਾਵਾ ਹੈ, ਜਿਸ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਚਨਾ ਪ੍ਰਸਾਰਨ ਮੰਤਰੀ ਅਤੇ ਭਾਜਪਾ ਪ੍ਰਧਾਨ ਤੋਂ ਮੰਗ ਕੀਤੀ ਕਿ ਦੇਸ਼ ਦੇ ਵੱਡੇ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਕੰਗਨਾ ਦੀਆਂ ਦੇਸ਼ ਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਪਰਮਿੰਦਰ ਸਿੰਘ ਮਲੋਆ ਤੇ ਸੀਨੀਅਰ ਆਗੂ ਭਲਿੰਦਰ ਸਿੰਘ ਮਾਨ ਵੀ ਹਾਜ਼ਰ ਸਨ।