ਆਤਿਸ਼ ਗੁਪਤਾ
ਚੰਡੀਗੜ੍ਹ, 26 ਅਗਸਤ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਬਾਅਦ ਸ਼ਹਿਰ ਵਿੱਚ ਸ਼ਾਮ ਸਮੇਂ ਭਾਰੀ ਮੀਂਹ ਪਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਹ ਮੀਂਹ ਸਮੁੱਚੇ ਸ਼ਹਿਰ ਵਿੱਚ ਪੈਣ ਦੀ ਥਾਂ ਕੁਝ ਥਾਵਾਂ ’ਤੇ ਭਰਵਾਂ ਅਤੇ ਕੁਝ ਥਾਵਾਂ ’ਤੇ ਹਲਕਾ ਮੀਂਹ ਪਿਆ ਹੈ। ਸ਼ਾਮ ਸਮੇਂ ਪਏ ਮੀਂਹ ਨੇ ਸ਼ਹਿਰ ਦਾ ਮੌਸਮ ਵੀ ਸੁਹਾਵਣਾ ਕਰ ਦਿੱਤਾ। ਇਸ ਕਰ ਕੇ ਲੋਕ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਆਨੰਦ ਮਾਣਦੇ ਦਿਖਾਈ ਦਿੱਤੇ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਸਮੇਂ ਵਿੱਚ ਹੀ 21.3 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ 27, 28 ਤੇ 29 ਅਗਸਤ ਨੂੰ ਵੀ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 1.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ।
ਅੱਜ ਸ਼ਹਿਰ ਵਿੱਚ ਸਵੇਰ ਤੋਂ ਤਿੱਖੀ ਧੁੱਪ ਸੀ। ਇਸ ਕਰ ਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਬਾਅਦ ਦੁਪਹਿਰ ਬੱਦਲਵਾਈ ਹੋ ਗਈ। ਇਸ ਕਾਰਨ ਸਮੁੱਚੇ ਸ਼ਹਿਰ ਵਿੱਚ ਤਿੰਨ ਵਜੇ ਦੇ ਕਰੀਬ ਕਾਲੀ ਘਟਾ ਛਾ ਗਈ। ਇਸ ਤੋਂ ਬਾਅਦ ਸ਼ਹਿਰ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪੰਜਾਬ ਯੂਨੀਵਰਸਿਟੀ, ਪੀਜੀਆਈ ਤੇ ਸੁਖਨਾ ਝੀਲ ਵਾਲੇ ਪਾਸੇ ਭਰਵਾਂ ਮੀਂਹ ਪਿਆ ਹੈ। ਹਾਲਾਂਕਿ ਸ਼ਹਿਰ ਦੇ ਟ੍ਰਿਬਿਊਨ ਚੌਕ ਤੇ ਮੁਹਾਲੀ ਦੇ ਨਾਲ ਲਗਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਹੈ। ਵਾਧੂ ਮੀਂਹ ਪੈਣ ’ਤੇ ਪੰਜਾਬ ਯੂਨੀਵਰਸਿਟੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਾਰੀਆਂ ਥਾਵਾਂ ’ਤੇ ਜਲ-ਥਲ ਹੋ ਗਿਆ। ਮੌਸਮ ਸੁਹਾਵਣਾ ਹੋਣ ’ਤੇ ਵੱਡੀ ਗਿਣਤੀ ਵਿੱਚ ਲੋਕ ਮੌਸਮ ਦਾ ਆਨੰਦ ਮਾਣਨ ਲਈ ਸੁਖਨਾ ਝੀਲ ’ਤੇ ਪਹੁੰਚੇ ਦਿਖਾਈ ਦਿੱਤੇ।