ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਗਸਤ
ਭਾਜਪਾ ਨੇ ਅੱਜ ਆਪਣੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਕਿਸਾਨ ਅੰਦੋਲਨ ਸਬੰਧੀ ਵਿਵਾਦਤ ਟਿੱਪਣੀ ਨਾਲ ਅਸਹਿਮਤੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸ ਨੂੰ ਭਵਿੱਖ ’ਚ ਅਜਿਹੀ ਟਿੱਪਣੀ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੰਗਨਾ ਨੇ ਬੀਤੇ ਦਿਨ ਕਿਹਾ ਸੀ ਕਿ ਜੇ ਭਾਰਤ ਦੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਦੇਸ਼ ’ਚ ਬੰਗਲਾਦੇਸ਼ ਵਰਗੇ ਹਾਲਾਤ ਬਣ ਸਕਦੇ ਸਨ। ਭਾਜਪਾ ਨੇ ਇਸ ਸਬੰਧੀ ਨਵੀਂ ਦਿੱਲੀ ਦੇ ਡੀਡੀਯੂ ਮਾਰਗ ਸਥਿਤ ਆਪਣੇ ਕੌਮੀ ਹੈੱਡ ਕੁਆਰਟਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ, ‘‘ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਦੇ ਸੰਦਰਭ ’ਚ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਕੰਗਨਾ ਦੇ ਬਿਆਨ ’ਤੇ ਆਪਣੀ ਅਸਹਿਮਤੀ ਜ਼ਾਹਰ ਕਰਦੀ ਹੈ। ਪਾਰਟੀ ਦੇ ਨੀਤੀਗਤ ਮੁੱਦਿਆਂ ’ਤੇ ਬੋਲਣ ਲਈ ਕੰਗਨਾ ਨੂੰ ਨਾ ਤਾ ਇਜਾਜ਼ਤ ਹੈ ਅਤੇ ਨਾ ਹੀ ਉਹ ਅਧਿਕਾਰਤ ਤੌਰ ’ਤੇ ਅਜਿਹੇ ਬਿਆਨ ਦੇ ਸਕਦੀ ਹੈ।’’ ਬਿਆਨ ਅਨੁਸਾਰ ਭਾਜਪਾ ਵੱਲੋਂ ਕੰਗਨਾ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘‘ਭਾਜਪਾ ਆਪਣੇ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ’ ਵਰਗੇ ਸਿਧਾਤਾਂ ’ਤੇ ਚੱਲਣ ਲਈ ਵਚਨਬੱਧ ਹੈ।’’ ਜ਼ਿਕਰਯੋਗ ਹੈ ਕਿ ਮੰਡੀ ਦੀ ਸੰਸਦ ਮੈਂਬਰ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਸ ਨੇ ਕਿਹਾ ਸੀ, ‘‘ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਲਾਸ਼ਾਂ ਲਟਕ ਰਹੀਆਂ ਸਨ ਅਤੇ ਜਬਰ-ਜਨਾਹ ਹੋ ਰਹੇ ਸਨ। ਜੇ ਤਿੰਨ ਖੇਤੀ ਕਾਨੂੰਨ ਵਾਪਸ ਨਾ ਲਏ ਜਾਂਦੇ ਤਾਂ ਭਾਰਤ ਵਿੱਚ ਵੀ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਸਕਦੇ ਸਨ।’’
ਭਾਜਪਾ ਕੰਗਨਾ ਨੂੰ ਪਾਰਟੀ ’ਚੋਂ ਬਾਹਰ ਕੱਢੇ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਕਿਹਾ ਕਿ ਜੇ ਭਾਜਪਾ ਕੰਗਨਾ ਰਣੌਤ ਦੇ ਕਿਸਾਨਾਂ ਨਾਲ ਜੁੜੇ ਬਿਆਨ ਤੋਂ ਅਸਹਿਮਤ ਹੈ ਤਾਂ ਉਸ ਨੂੰ ਪਾਰਟੀ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਸਰਕਾਰ ਨੂੰ ਕੰਗਨਾ ਦੇ ਇਸ ਦਾਅਵੇ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਮਰੀਕਾ ਅਤੇ ਚੀਨ ਦੇਸ਼ ਵਿੱਚ ਅੰਦਰੂਨੀ ਅਸਥਿਰਤਾ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਕਾਂਗਰਸ ਆਗੂ ਨੇ ਕਿਹਾ, ‘‘ਹੁਣ ਤੱਕ ਕਿਸੇ ਵੀ ਆਗੂ ਨੇ ਕਿਸਾਨਾਂ ਖ਼ਿਲਾਫ਼ ਅਜਿਹੇ ਸ਼ਬਦ ਨਹੀਂ ਵਰਤੇ।’’ ਉਨ੍ਹਾਂ ਕਿਹਾ, ‘‘ਹਰਿਆਣਾ ਦੀਆਂ ਚੋਣਾਂ ਨੇੜੇ ਹਨ ਅਤੇ ਸਭ ਨੂੰ ਪਤਾ ਹੈ ਕਿ ਭਾਜਪਾ ਹਾਰਨ ਵਾਲੀ ਹੈ। ਅਜਿਹੇ ’ਚ ਭਾਜਪਾ ਵੱਲੋਂ ਕੰਗਨਾ ਦੀ ਟਿੱਪਣੀ ਨਾਲ ਅਸਹਿਮਤੀ ਵਾਲਾ ਬਿਆਨ ਸਾਹਮਣੇ ਆਇਆ ਹੈ।’’ -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਖ਼ੁਦ ਮੁਆਫ਼ੀ ਮੰਗਣ: ਐੱਸਕੇਐੱਮ
ਚੰਡੀਗੜ੍ਹ (ਟਨਸ):
ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਨੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਦੀ ਨਿੰਦਾ ਕੀਤੀ ਹੈ। ਐੱਸਕੇਐੱਮ ਆਗੂਆਂ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਉਨ੍ਹਾਂ ਦੀ ਪਾਰਟੀ ਦੀ ਸੰਸਦ ਮੈਂਬਰ ਵੱਲੋਂ ਕੀਤੀ ਗਈ ਨਿੰਦਣਯੋਗ ਅਤੇ ਝੂਠੀ ਟਿੱਪਣੀ ਲਈ ਕਿਸਾਨਾਂ ਤੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ‘ਅੰਨਾਦਾਤਿਆਂ’ ਨਾਲ ਖੜੇ ਹੋਣ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੰਗਨਾ ਰਣੌਤ ਨੂੰ ਇਸ ਗ਼ਲਤ ਬਿਆਨੀ ਲਈ ਦੇਸ਼ ਦੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੰਗਨਾ ਰਣੌਤ ਮੁਆਫ਼ੀ ਨਹੀਂ ਮੰਗਦੀ ਤਾਂ ਐੱਸਕੇਐੱਮ ਵੱਲੋਂ ਉਸ ਦਾ ਜਨਤਕ ਬਾਈਕਾਟ ਕੀਤਾ ਜਾਵੇਗਾ।