ਗੁਰਿੰਦਰ ਸਿੰਘ
ਲੁਧਿਆਣਾ, 26 ਅਗਸਤ
ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮਸਲਿਆਂ ਅਤੇ ਮੁਸ਼ਕਲਾਂ ਦੇ ਹੱਲ ਲਈ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਉਹ ਏਵਨ ਸਾਈਕਲ ਕੰਪਲੈਕਸ ਦੇ ਦੌਰੇ ਦੌਰਾਨ ਸਨਅਤਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਢੰਡਾਰੀ ਰੇਲਵੇ ਸਟੇਸ਼ਨ ਤੋਂ ਸ਼ੇਰਪੁਰ ਚੌਕ ਤੱਕ ਸਰਵਿਸ ਰੋਡ ਦੀ ਮਾੜੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਤੁਰੰਤ ਮੁਰੰਮਤ ਦੀ ਫੌਰੀ ਲੋੜ ’ਤੇ ਚਰਚਾ ਕਰਨ ਲਈ ਲੁਧਿਆਣਾ ਸਥਿਤ ਐਨਐਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਸੰਪਰਕ ਕੀਤਾ। ਪ੍ਰਾਜੈਕਟ ਡਾਇਰੈਕਟਰ ਨੇ ਸ੍ਰੀ ਅਰੋੜਾ ਨੂੰ ਦੱਸਿਆ ਕਿ ਸੜਕ ਦੀ ਮੁਰੰਮਤ ਅਤੇ ਨਵੀਂ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਬਰਸਾਤਾਂ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦਸੰਬਰ ਤੱਕ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਅਰੋੜਾ ਨੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੀਵਰੇਜ ਦੀ ਸਫ਼ਾਈ ਦੀ ਮੌਜੂਦਾ ਸਥਿਤੀ ਕਾਰਨ ਸਨਅਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਸੜਕ ਦੇ ਗਲਤ ਪਾਸੇ ਚੱਲ ਰਹੇ ਟਰੈਕਟਰਾਂ ਅਤੇ ਟਰਾਲੀਆਂ ਕਾਰਨ ਟਰੈਫਿਕ ਜਾਮ ਦੀ ਸਮੱਸਿਆ ਦਾ ਵੀ ਨੋਟਿਸ ਲਿਆ। ਮੀਟਿੰਗ ਵਿੱਚ ਓਂਕਾਰ ਸਿੰਘ ਪਾਹਵਾ, ਐਸਐਸ ਭੋਗਲ, ਹਰਸਿਮਰਨਜੀਤ ਸਿੰਘ ਲੱਕੀ ਚੇਅਰਮੈਨ ਸਾਈਕਲ ਪਾਰਟ ਮੈਨੂਫੈਕਚਰਰਜ਼, ਸੰਜੀਵ ਪਾਹਵਾ, ਵਨੀਤ ਸੂਦ, ਮਨਜਿੰਦਰ ਸਿੰਘ ਸਚਦੇਵਾ, ਰਜਿੰਦਰ ਜਿੰਦਲ, ਰਿਸ਼ੀ ਪਾਹਵਾ, ਡਾ. ਦੀਪਕ ਜੈਨ, ਆਦਿੱਤਿਆ ਮੁੰਜਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।