ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਸ਼ਹਿਰ ਵਿੱਚ ਵੱਡੇ ਸਿਆਸੀ ਆਗੂਆਂ ਦੇ ਨਜ਼ਦੀਕੀ ਮੰਨੇ ਜਾਂਦੇ ਐੱਨਜੀਓ ਚਲਾਉਣ ਵਾਲੇ ਚੇਤਨ ਬਵੇਜਾ ਖ਼ਿਲਾਫ਼ ਜਬਰ-ਜਨਾਹ ਕਰਨ ਦਾ ਕੇਸ ਦਰਜ ਹੋਣ ਦੇ ਕਈ ਦਿਨਾਂ ਬਾਅਦ ਵੀ ਗ੍ਰਿਫ਼ਤਾਰੀ ਨਾ ਹੋਣ ’ਤੇ ਪੀੜਤਾ ਨੇ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੀੜਤਾ ਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ਪੁੱਜੀ, ਜਿੱਥੇ ਉਸਨੇ ਚੇਤਨ ਬਵੇਜਾ ਦੀ ਗ੍ਰਿਫ਼ਤਾਰੀ ਨਾ ਹੋਣ ਵਿਰੁੱਧ ਤੇ ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀੜਤਾ ਨੇ ਦੋਸ਼ ਲਾਏ ਕਿ ਪੁਲੀਸ ਸਹੀ ਕਾਰਵਾਈ ਨਹੀਂ ਕਰ ਰਹੀ। ਮੁਲਜ਼ਮ ਦੇ ਸਿਆਸੀ ਕੁਨੈਕਸ਼ਨ ਹਨ, ਜਿਸ ਕਰਕੇ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।
ਪੀੜਤਾ ਨੇ ਦੱਸਿਆ ਕਿ ਚੇਤਨ ਬਵੇਜਾ ਖ਼ਿਲਾਫ਼ 15 ਦਿਨ ਪਹਿਲਾਂ ਜਬਰ ਜਨਾਹ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਹੋਈ ਸੀ, ਪਰ ਅੱਜ ਤੱਕ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰ-ਜਨਾਹ ਕੀਤਾ। ਉਹ ਗਰਭਵਤੀ ਹੋ ਗਈ ਤੇ ਉਸ ਕੋਲ ਬੱਚਾ ਵੀ ਹੈ, ਪਰ ਉਸਦੀ ਸੁਣਵਾਈ ਨਹੀਂ ਹੋਈ। ਉਸਨੇ ਧੱਕੇ ਖਾ ਕੇ ਐੱਫਆਈਆਰ ਦਰਜ ਕਰਵਾਈ ਸੀ, ਪਰ ਹੁਣ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪੀੜਤਾ ਨੇ ਦੱਸਿਆ ਕਿ ਪੁਲੀਸ ਦੀ ਢਿੱਲੀ ਕਾਰਵਾਈ ਦਾ ਫਾਇਦਾ ਮੁਲਜ਼ਮ ਚੁੱਕ ਰਿਹਾ ਹੈ। ਉਸਨੇ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਵੀ ਲਗਾਈ ਸੀ, ਪਰ ਉਸਦੀ ਜ਼ਮਾਨਤ ਨਹੀਂ ਹੋਈ। ਥਾਣਾ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀਆਂ ਹਨ। ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।