ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 26 ਅਗਸਤ
ਪਰਵਾਸੀ ਮਜ਼ਦੂਰਾਂ ਦੇ ਝੋਨਾ ਲਗਾ ਕੇ ਇਕੱਠੇ ਕੀਤੇ ਮਜ਼ਦੂਰੀ ਦੇ ਪੈਸਿਆਂ ਦੀ ਚੋਰੀ ਦੇ ਮਾਮਲੇ ਵਿੱਚ ਸੁਨਾਮ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਲੱਖ ਪੰਜ ਹਜ਼ਾਰ ਰੁਪਏ ਦੀ ਨਕਦੀ ਅਤੇ ਚੋਰੀ ਕੀਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਇਕ ਪਰਵਾਸੀ ਮਜ਼ਦੂਰ ਉਪਿੰਦਰ ਮੰਡਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੇ ਸਾਥੀਆਂ ਵਲੋਂ ਝੋਨਾ ਲਗਾਕੇ ਇਕੱਠੇ ਕੀਤੇ ਗਏ ਇਕ ਲੱਖ ਵੀਹ ਹਜ਼ਾਰ ਰੁਪਏ ਅਤੇ ਪੰਜ ਮੋਬਾਈਲ ਫੋਨਾਂ ਨੂੰ ਕੋਈ ਬੀਤੀ 17 ਅਗਸਤ ਨੂੰ ਚੋਰੀ ਕਰਕੇ ਲੈ ਗਿਆ ਹੈ। ਸੁਨਾਮ ਪੁਲੀਸ ਨੇ ਮਾਮਲੇ ਦੀ ਪੜਤਾਲ ਦੌਰਾਨ ਬਚਿੱਤਰ ਸਿੰਘ ਅਤੇ ਗੁਰਦਿੱਤ ਸਿੰਘ ਵਾਸੀ ਸਾਂਈ ਕਲੋਨੀ ਸੁਨਾਮ ਅਤੇ ਸਤੀਸ਼ ਕੁਮਾਰ ਵਾਸੀ ਰਾਮਪੁਰਾ (ਸੰਗਰੂਰ) ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਚੋਰੀ ਮੌਕੇ ਵਰਤਿਆ ਮੋਟਰਸਾਈਕਲ, ਇਕ ਲੱਖ ਪੰਜ ਹਜ਼ਾਰ ਰੁਪਏ ਦੀ ਰਕਮ ਅਤੇ ਚੋਰੀ ਕੀਤੇ ਪੰਜ ਮੋਬਾਈਲ ਫੋਨ ਬਰਾਮਦ ਕਰਵਾਏ ਗਏ। ਐੱਸਐੱਚਓ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਬਚਿੱਤਰ ਸਿੰਘ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ।