ਅਗਰਤਲਾ, 26 ਅਗਸਤ
ਪੱਛਮੀ ਤ੍ਰਿਪੁਰਾ ਦੇ ਰਾਨੀਰਬਾਜ਼ਾਰ ਵਿਚਲੇ ਮੰਦਰ ਵਿਚ ਮੂਰਤੀ ਦੀ ਭੰਨਤੋੜ ਕੀਤੇ ਜਾਣ ਦਾ ਪਤਾ ਲੱਗਣ ਮਗਰੋਂ ਅਣਪਛਾਤਿਆਂ ਨੇ ਘੱਟੋ-ਘੱਟ 12 ਘਰਾਂ ਤੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਇਹਤਿਆਤ ਵਜੋਂ ਜਿਰਾਨੀਆ ਸਬਡਿਵੀਜ਼ਨ, ਜਿਸ ਅਧੀਨ ਇਹ ਬਾਜ਼ਾਰ ਆਉਂਦਾ ਹੈ, ਭਾਰਤੀ ਨਿਆਏ ਸੁਰਕਸ਼ਾ ਸੰਹਿਤਾ ਦੀ ਧਾਰਾ 163 ਤਹਿਤ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਦੇ ਹੁਕਮ 28 ਅਗਸਤ ਤੱਕ ਲਾਗੂ ਰਹਿਣਗੇ। ਤਣਾਅ ਘਟਾਉਣ ਲਈ ਇਲਾਕੇ ਵਿਚ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਉਧਰ ਟਿਪਰਾ ਮੋਥਾ ਦੇ ਸੁਪਰੀਮੋ ਪ੍ਰਦਯੁਤ ਕਿਸ਼ੋਰ ਮਾਨੀਕਿਆ ਦੇਬਬਰਮਾ ਨੇ ਹਾਦਸੇ ’ਤੇ ਚਿੰਤਾ ਜਤਾਉਂਦਿਆਂ ਸਾਰਿਆਂ ਨੂੰ ਅਮਨ ਤੇ ਕਾਨੂੰਨ ਬਣਾ ਦੇ ਰੱਖਣ ਦੀ ਅਪੀਲ ਕੀਤੀ ਹੈ। ਸਹਾਇਕ ਇੰਸਪੈਕਟਰ ਜਨਰਲ (ਅਮਨ ਤੇ ਕਾਨੂੰਨ) ਅਨੰਤ ਦਾਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕੈਤੁਰਬਾੜੀ ਵਿਚ ਦੇਵੀ ਕਾਲੀ ਦੀ ਮੂਰਤੀ ਦੀ ਭੰਨਤੋੜ ਬਾਰੇ ਪਤਾ ਲੱਗਣ ’ਤੇ ਸ਼ਰਾਰਤੀ ਅਨਸਰਾਂ ਨੇ ਐਤਵਾਰ ਦੇਰ ਰਾਤ ਨੂੰ ਰਾਨੀਰਬਾਜ਼ਾਰ ਵਿਚ 12 ਘਰਾਂ ਨੂੰ ਅੱਗ ਲਾ ਦਿੱਤੀ। ਅੱਗਜ਼ਨੀ ਦੌਰਾਨ ਅਨਸਰਾਂ ਨੇ ਕਈ ਮੋਟਰਸਾਈਕਲਾਂ ਤੇ ਪਿਕ-ਅੱਪ ਵੈਨਾਂ ਨੂੰ ਨਿਸ਼ਾਨਾ ਬਣਾਇਆ।’’ ਉਂਜ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚਸ਼ਮਦੀਦਾਂ ਨੇ ਕਿਹਾ ਕਿ ਹਿੰਸਾ ’ਤੇ ਉਤਾਰੂ ਹਜੂਮ ਨੂੰ ਦੇਖ ਕੇ ਲੋਕ ਆਪਣੇ ਘਰ ਛੱਡ ਕੇ ਭੱਜ ਗਏ। ਦਾਸ ਨੇ ਕਿਹਾ ਕਿ ਤਣਾਅ ਘਟਾਉਣ ਲਈ ਵੱਡੀ ਗਿਣਤੀ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ ਤੇ ਡੀਜੀਪੀ ਇੰਟੈਲੀਜੈਂਸ ਅਨੁਰਾਗ ਧਨਕਰ ਤੇ ਪੱਛਮੀ ਤ੍ਰਿਪੁਰਾ ਦੇ ਐੱਸਪੀ ਕਿਰਨ ਕੁਮਾਰ ਨੇ ਖ਼ੁਦ ਇਲਾਕੇ ਦਾ ਦੌਰਾ ਕੀਤਾ। ਪੁਲੀਸ ਅਧਿਕਾਰੀ ਨੇ ਕਿਹਾ, ‘‘ਇਕ ਵਾਰ ਸੰਪਤੀ ਦੇ ਨੁਕਸਾਨ ਦਾ ਮੁਲਾਂਕਣ ਪੂਰਾ ਹੋ ਜਾਵੇ ਪੁਲੀਸ ‘ਆਪੂੰ’ ਨੋਟਿਸ ਲੈਂਦਿਆਂ ਕੇਸ ਦਰਜ ਕਰੇਗੀ। ਹਾਲ ਦੀ ਘੜੀ ਹਾਲਾਤ ਕਾਬੂ ਹੇਠ ਹਨ।’’ ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਕੁਮਾਰ ਵੱਲੋਂ ਜਾਰੀ ਹੁਕਮਾਂ ਵਿਚ ਪੱਛਮੀ ਤ੍ਰਿਪੁਰਾ ਦੀ ਜਿਰਾਨੀਆ ਸਬਡਿਵੀਜ਼ਨ ਵਿਚ 26 ਤੋਂ 28 ਅਗਸਤ ਤੱਕ ਬੀਐੱਨਐੱਸਐੱਸ ਦੀ ਧਾਰਾ 163 ਤਹਿਤ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪਾਬੰਦੀ ਰਹੇਗੀ। ਟਿਪਰਾ ਮੋਥਾ ਦੇ ਸੁਪਰੀਮੋ ਪ੍ਰਦਯੁਤ ਕਿਸ਼ੋਰ ਮਾਨੀਕਿਆ ਦੇਬਬਰਮਾ ਨੇ ਇਕ ਫੇਸਬੁਕ ਪੋਸਟ ਵਿਚ ਕਿਹਾ, ‘‘ਹੁਣ ਜਦੋਂ ਸਾਡਾ ਸੂੁਬਾ ਕੁਦਰਤੀ ਆਫ਼ਤ ਦੀ ਮਾਰ ਹੇਠ ਹੈ, ਕੁਝ ਅਨਸਰ ਧਰਮ ਦੇ ਨਾਂ ’ਤੇ ਸਿਆਸਤ ਖੇਡ ਰਹੇ ਹਨ। ਸ਼ਰਾਰਤੀ ਅਨਸਰ ਕਿਸੇ ਵੀ ਅਕੀਦੇ ਨਾਲ ਸਬੰਧਤ ਹੋਣ, ਉਨ੍ਹਾਂ ਨਾਲ ਸਖ਼ਤੀ ਨਾਲ ਸਿੱਝਿਆ ਜਾਣਾ ਚਾਹੀਦਾ ਹੈ। -ਪੀਟੀਆਈ