ਮੁੰਬਈ, 26 ਅਗਸਤ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦਿਖ ਰਿਹਾ ਹੈ ਕਿ ਮੁੰਬਈ ਦੇ ਵਰਸੋਵਾ ਇਲਾਕੇ ਵਿੱਚ ਕਿਸੇ ਗੱਲ ’ਤੇ ਬਹਿਸ ਹੋਣ ਤੋਂ ਬਾਅਦ ਸਕੂਲੀ ਵਿਦਿਆਰਥਣਾਂ ਦਾ ਸਮੂਹ ਇਕ ਵਿਦਿਆਰਥਣ ਦੀ ਕੁੱਟਮਾਰ ਕਰ ਰਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਹਮਲਾ ਕਰਨ ਵਾਲੀਆਂ ਵਿਦਿਆਰਥਣਾਂ, ਪੀੜਤਾ ਅਤੇ ਉਸ ਦੇ ਮਾਪਿਆਂ ਦੀ ਕਾਊਂਸਲਿੰਗ ਕੀਤੀ।
ਵਰਸੋਵਾ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਘਟਨਾ ਕਰੀਬ ਦੋ ਹਫਤੇ ਪੁਰਾਣੀ ਹੈ ਅਤੇ ਇੰਟਰਨੈੱਟ ’ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲਿਆ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਯਾਰੀ ਰੋਡ ਇਲਾਕੇ ਵਿੱਚ ਸਕੂਲੀ ਵਿਦਿਆਰਥਣਾਂ ਦਾ ਸਮੂਹ ਇਕ ਵਿਦਿਆਰਥਣ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਹਮਲਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਵਰਦੀ ਪਹਿਨੀ ਹੋਈ ਨਾਬਾਲਗ ਲੜਕੀ ਦੇ ਜ਼ਮੀਨ ’ਤੇ ਡਿੱਗੇ ਹੋਣ ਤੋਂ ਬਾਅਦ ਵੀ ਲੱਤਾਂ-ਮੁੱਕੇ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲੀਸ ਨੇ ਵੀਡੀਓ ਵਿੱਚ ਦਿਖ ਰਹੀਆਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੋ ਦਿਨ ਸਮਝਾਇਆ ਕਿਉਂਕਿ ਘਟਨਾ ਵਿੱਚ ਸ਼ਾਮਲ ਸਾਰੀਆਂ ਲੜਕੀਆਂ ਨਾਬਾਲਗ ਹਨ। ਉਨ੍ਹਾਂ ਕਿਹਾ, ‘‘ਅਸੀਂ ਜਾਂਚ ਕਰ ਰਹੇ ਹਾਂ ਕਿ ਵੀਡੀਓ ਕਿਸ ਨੇ ਇੰਟਰਨੈੱਟ ’ਤੇ ਪ੍ਰਸਾਰਿਤ ਕੀਤਾ।’’ ਪੁਲੀਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਸਿਲਸਿਲੇਵਾਰ ਪੋਸਟ ’ਚ ਕਿਹਾ, ‘‘ਵਰਸੋਵਾ ਵਿੱਚ ਲੜਕੀ ’ਤੇ ਹਮਲੇ ਦੀ ਵੀਡੀਓ ’ਤੇ ਨੋਟਿਸ ਲੈਂਦੇ ਹੋਏ ਨਿਰਭਿਆ ਦਸਤੇ (ਔਰਤਾਂ ਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨੂੰ ਰੋਕਣ ਲਈ ਕਾਇਮ ਵਿਸ਼ੇਸ਼ ਸੈੱਲ) ਨੇ ਜਾਂਚ ਕੀਤੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਵੀਡੀਓ ਵਿੱਚ ਦਿਖ ਰਹੀਆਂ ਲੜਕੀਆਂ ਇਕ ਹੀ ਇਲਾਕੇ ਦੀ ਹਨ ਅਤੇ ਸਾਰੀਆਂ ਨਾਬਾਲਗ ਹਨ ਤੇ ਕਿਸੇ ਗੱਲ ’ਤੇ ਬਹਿਸ ਹੋਣ ਤੋਂ ਬਾਅਦ ਲੜਾਈ ਹੋਈ।’’ -ਪੀਟੀਆਈ