ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 26 ਅਗਸਤ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਸਾਹਿਤਕ ਮੰਚ ਭਗਤਾ ਭਾਈ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਵਿੱਚ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਕਹਾਣੀ ਕਲਾ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਭੂਰਾ ਸਿੰਘ ਕਲੇਰ ਨੇ ਆਪਣੀਆਂ ਕਹਾਣੀਆਂ ਵਿੱਚ ਮਾਲਵੇ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਾਤਰਾਂ ਬਾਰੇ ਲਿਖਿਆ, ਜੋ ਕਿ ਪਹਿਲਾਂ ਪੰਜਾਬੀ ਕਹਾਣੀ ਦਾ ਅੰਗ ਨਹੀਂ ਸੀ ਬਣੇ। ਮੁੱਖ ਮਹਿਮਾਨ ਕਹਾਣੀਕਾਰ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਕਲੇਰ ਨੇ ਆਪਣੀਆਂ ਕਹਾਣੀਆਂ ਵਿਚ ਹਾਸ਼ੀਆਗਤ ਲੋਕਾਂ ਦੀ ਬਾਤ ਪਾਈ ਹੈ। ਭਾਰਤੀ ਸਾਹਿਤ ਅਕੈਡਮੀ ਸਲਾਹਕਾਰ ਬੋਰਡ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕਲੇਰ ਨੇ ਜ਼ਿੰਦਗੀ ਮਾਣਦੇ ਲੋਕਾਂ ਦੀ ਬਜਾਏ ਪਸ਼ੂਆਂ ਵਰਗਾ ਜੀਵਨ ਜਿਉਂਦੇ ਲੋਕਾਂ ਦੇ ਦੁੱਖਦਾਈ ਜੀਵਨ ਨੂੰ ਦਰਸਾ ਕੇ ਉਨ੍ਹਾਂ ਦੇ ਹੱਕ ‘ਚ ਆਵਾਜ਼ ਉਠਾਈ ਹੈ। ਨਾਵਲਕਾਰ ਜਸਪਾਲ ਮਾਨਖੇੜਾ ਤੇ ਚਿੰਤਨਸ਼ੀਲ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਕਲੇਰ ਨੇ ਮਲਵਈ ਦਲਿਤ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਮੌਲਿਕ ਰੂਪ ਵਿਚ ਚਿਤਰਿਆ। ਸਟੇਜ ਬੂਟਾ ਸਿੰਘ ਚੌਹਾਨ ਨੇ ਚਲਾਈ। ਸਾਹਿਤਕ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।