ਪੱਤਰ ਪ੍ਰੇਰਕ
ਰੂੜੇਕੇ ਕਲਾਂ, 26 ਅਗਸਤ
ਥਾਣਾ ਰੂੜੇਕੇ ਕਲਾਂ ਦੇ ਗੇਟ ਸਾਹਮਣੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਲਿਤ ਬੱਚੇ ਦੀ ਕੁੱਟਮਾਰ ਨੂੰ ਲੈ ਕੇ ਅੱਜ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਜਿਮੀਂਦਾਰਾਂ ਨੇ ਵੀ ਪੁਲੀਸ ਨੂੰ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਜ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਕਾਮਰੇਡ ਲਾਭ ਸਿੰਘ ਅਕਲੀਆ ਸੂਬਾਈ ਆਗੂ ਮਜ਼ਦੂਰ ਅਧਿਕਾਰ ਅੰਦੋਲਨ, ਕਾਮਰੇਡ ਖੁਸ਼ੀਆਂ ਸਿੰਘ ਜ਼ਿਲ੍ਹਾ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਦਾ ਵਾਧਾ ਕੀਤਾ ਜਾਵੇ ਅਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸਦੀ ਜ਼ਮਾਨਤ ਦੇਣ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਉਧਰ ਕਾਹਨੇ ਕੇ ਪਿੰਡ ਦੇ ਲੋਕਾਂ ਨੇ ਵੀ ਅੱਜ ਥਾਣਾ ਰੂੜੇਕੇ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਪੁੱਜ ਕੇ ਪੁਲੀਸ ਨੂੰ ਜਗਸੀਰ ਸਿੰਘ ਦੇ ਹੱਕ ਵਿੱਚ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ ਜਿਸ ਨਾਲ ਪੁਲੀਸ ਲਈ ਨਵੀਂ ਮੁਸੀਬਤ ਖੜ੍ਹੀ ਹੋਣ ਦੇ ਆਸਾਰ ਬਣ ਗਏ ਹਨ। ਇਸ ਮੌਕੇ ਸਤਨਾਮ ਸਿੰਘ ਸਰਪੰਚ, ਮਲਕੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਲਾਭ ਸਿੰਘ, ਬਲਰਾਜ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕੇ ਮਜ਼ਦੂਰ ਜਥੇਬਦੀਆਂ ਵੱਲੋਂ ਪੁਲੀਸ ਤੇ ਦਬਾ ਪਾ ਕੇ ਜਗਸੀਰ ਸਿੰਘ ’ਤੇ ਉਹ ਧਰਾਵਾਂ ਲਗਾਈਆਂ ਜਾ ਰਹੀਆਂ ਹਨ ਜੋ ਗੁਨਾਹ ਉਸ ਨੇ ਕੀਤਾ ਹੀ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਦਲਿਤ ਜਿਮੀਂਦਾਰ ਭਾਈਚਾਰਕ ਸਾਂਝ ਅੱਜ ਵੀ ਕਾਇਮ ਹੈ ਪਰ ਇਸ ਮਸਲੇ ਵਿੱਚ ਬਾਹਰਲੇ ਪਿੰਡਾਂ ਦੇ ਮਜ਼ਦੂਰ ਆਗੂਆਂ ਦੇ ਆਉਣ ਨਾਲ ਮਸਲਾ ਵਿਗੜ ਗਿਆ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਜੇਕਰ ਪੁਲੀਸ ਨੇ ਜਥੇਬਦੀਆਂ ਦੇ ਦਬਾਅ ਤੇ ਬੇਲੋੜੀ ਕਾਰਵਾਈ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ।