ਪੱਤਰ ਪ੍ਰੇਰਕ
ਮਾਨਸਾ, 26 ਅਗਸਤ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਖੇਤੀਬਾੜੀ ਕਿੱਤੇ ਦੇ ਵਿਕਾਸ ਨਾਲ ਹੀ ਦੇਸ਼ ਦੀ ਆਰਥਿਕ ਤਰੱਕੀ ਸੰਭਵ ਹੁੰਦੀ ਹੈ, ਜਿਸ ਦੇ ਲਈ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਦੇਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਹਰੇਕ ਖੇਤ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਪਿੰਡ ਮੰਢਾਲੀ ਵਿੱਚ ਪਾਈਪ ਲਾਈਨ ਦੇ ਉਦਘਾਟਨ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿਾ ਇਸ ਪਾਈਪਲਾਈਨ ਦੀ ਲੰਬਾਈ 3145 ਮੀਟਰ ਹੈ, ਜਿਸ ਉਪਰ 89 ਲੱਖ ਰੁਪਏ ਖਰਚ ਆਇਆ ਹੈ ਅਤੇ ਇਸ ਪਾਈਪ ਲਾਈਨ ਦੇ ਮੁਕੰਮਲ ਹੋਣ ਨਾਲ ਤਕਰੀਬਨ ਤਿੰਨ- ਚਾਰ ਸੌ ਏਕੜ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਰਕਬੇ ਨੂੰ ਵੀ ਨਹਿਰੀ ਪਾਣੀ ਅਗਲੇ ਸਾਲ ਤੱਕ ਪਾਈਪਲਾਈਨ ਰਾਹੀਂ ਮਿਲਣ ਲੱਗ ਜਾਵੇਗਾ।
ਇਸ ਉਪਰੰਤ ਉਨ੍ਹਾਂ ਵੱਲੋਂ ਰਮਦਾਸੀਆ ਭਾਈਚਾਰੇ ਦੀ ਧਰਮਸ਼ਾਲਾ ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਪਾਏ ਸ਼ੈੱਡ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਰਮਦਾਸੀਆ ਭਾਈਚਾਰੇ ਕੋਲ ਸਾਂਝੇ ਪ੍ਰੋਗਰਾਮਾਂ ਲਈ ਕੋਈ ਢੁੱਕਵੀਂ ਜਗ੍ਹਾ ਨਹੀਂ ਸੀ ਅਤੇ ਹੁਣ ਇਸ ਥਾਂ ’ਤੇ ਸ਼ੈੱਡ ਪਾਉਣ ਅਤੇ ਫਰਸ਼ ਲੱਗਣ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਸ਼ੇਰਖਾਂ ਵਾਲਾ ਵਿੱਚ ਮਘਾਣੀਆਂ ਰੋਡ ਢਾਣੀ ਦੇ ਵਸਨੀਕਾਂ ਲਈ ਦੋ ਲੱਖ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਪਾਈਪ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਵਾਸਤੇ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਮੇਜਰ ਸਿੰਘ ਧਾਲੀਵਾਲ ਬੀਡੀਪੀਓ, ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਰਾਹੁਲ ਲੋਹਟੀਆ, ਐੱਸਡੀਓ ਭੁਪਿੰਦਰ ਸਿੰਘ, ਪੰਚਾਇਤ ਸਕੱਤਰ ਧਰਮਪਾਲ, ਬਲਜਿੰਦਰ ਕੁਮਾਰ, ਕੁਲਵੰਤ ਸਿੰਘ ਸ਼ੇਰਖਾਂ ਵਾਲਾ,ਗੁਰਦਰਸ਼ਨ ਸਿੰਘ ਮੰਢਾਲੀ, ਜਰਨੈਲ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਹਰੀ ਸਿੰਘ,ਬਿੱਕਰ ਸਿੰਘ, ਰਾਜ ਸਿੰਘ, ਤਰਸੇਮ ਸਿੰਘ, ਨਸੀਬ ਸਿੰਘ, ਗੁਰਦੀਪ ਸਿੰਘ, ਮਿੱਠੂ ਸਿੰਘ, ਕੈਪਟਨ ਬਾਬੂ ਸਿੰਘ, ਡਾ. ਬੂਟਾ ਸਿੰਘ, ਬੋਹੜ ਸਿੰਘ, ਹੰਸਾ ਸਿੰਘ, ਵੀਰ ਸਿੰਘ, ਪ੍ਰਵੀਨ ਕੁਮਾਰ ਵੀ ਮੌਜੂਦ ਸਨ।