ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 26 ਅਗਸਤ
ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਗੁਰੂ ਅਮਰਦਾਸ ਜੀ ਦੀ ਸ਼ਤਾਬਦੀ ਮੌਕੇ ਕਸਬਾ ਗੋਇੰਦਵਾਲ ਸਾਹਿਬ, ਫ਼ਤਿਆਬਾਦ ਅਤੇ ਖਡੂਰ ਸਾਹਿਬ ਅਧੀਨ ਆਉਂਦੇ ਖੇਤਰ ਵਿੱਚ ਮੀਟ, ਸ਼ਰਾਬ ਅਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਪੰਜ ਦਿਨ ਲਈ ਬੰਦ ਰੱਖਣ ਦੇ ਹੁਕਮ ਜਾਰੀ ਕਰੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਤੋਂ ਮੰਗ ਕਰਦਿਆ ਜਥੇਦਾਰ ਗੁਰਭੇਜ ਸਿੰਘ ਵਈਪੁਈ, ਸਾਹਿਬ ਸਿੰਘ, ਮਾਸਟਰ ਕਰਮਜੀਤ ਸਿੰਘ, ਗੁਰਭੇਜ ਸਿੰਘ ਧੂੰਦਾ ਤੇ ਸਰਪੰਚ ਹਰਵਿੰਦਰ ਸਿੰਘ ਮਾਣਕਦੇਕੇ ਨੇ ਕਿਹਾ ਕਿ ਇਸ ਵਾਰ ਵਿਸ਼ਵ ਪੱਧਰ ’ਤੇ 450 ਸਾਲਾਂ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਸ਼ਮੂਲੀਅਤ ਕਰਨ ਪੁੱਜ ਰਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ 14 ਤੋਂ 18 ਸਤੰਬਰ ਤੱਕ ਪੰਜ ਦਿਨ ਲਈ ਮੀਟ,ਸ਼ਰਾਬ ਅਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕਰੇ। ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆ ਹੋਣ ਕਾਰਨ ਸ਼ਰਾਰਤੀ ਅਨਸਰਾਂ ਦਾ ਸ਼ਰਾਬ ਪੀਕੇ ਹੁੱਲੜਬਾਜ਼ੀ ਕਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਦੇ ਚੱਲਦਿਆਂ ਪ੍ਰਸ਼ਾਸਨ ਪੰਜ ਦਿਨ ਲਈ ਕਸਬਾ ਗੋਇੰਦਵਾਲ ਸਾਹਿਬ, ਫਤਿਆਬਾਦ ਅਤੇ ਖਡੂਰ ਸਾਹਿਬ ਅਧੀਨ ਆਉਂਦੇ ਖੇਤਰ ਦੇ ਠੇਕੇ ਬੰਦ ਰੱਖੇ।