ਪੱਤਰ ਪ੍ਰੇਰਕ
ਪਠਾਨਕੋਟ, 26 ਅਗਸਤ
ਇੱਥੇ ਰੇਲਵੇ ਸਟੇਸ਼ਨ ’ਤੇ ਐੱਨਆਰਐੱਮਯੂ ਸ਼ਾਖਾ ਪਠਾਨਕੋਟ ਵੱਲੋਂ ਕਾਮਰੇਡ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਮਜ਼ਦੂਰ ਵਿਰੋਧੀ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਖਜ਼ਾਨਚੀ ਯਸ਼ਪਾਲ ਸਿੰਘ, ਕਾਮਰੇਡ ਰਾਜ ਕੁਮਾਰ, ਤਰਸੇਮ ਲਾਲ, ਰੋਹਿਤ ਸ਼ਰਮਾ ਤੇ ਨਵਦੀਪ ਸੈਣੀ ਆਦਿ ਨੇ ਸੰਬੋਧਨ ਕੀਤਾ। ਮੁੱਖ ਬੁਲਾਰੇ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਅੰਦਰ ਲੋਕੋ ਪਾਇਲਟਾਂ ਦੀਆਂ 60 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਪ੍ਰਸ਼ਾਸਨ ਕੇਵਲ 28 ਅਸਾਮੀਆਂ ’ਤੇ ਹੀ ਤਰੱਕੀ ਕਰ ਰਿਹਾ ਹੈ, ਜਿਸ ਨਾਲ ਬਾਕੀ ਕਾਡਰ ਦੀ ਤਰੱਕੀ ਪ੍ਰਭਾਵਿਤ ਹੋਵੇਗੀ। ਰੇਲਵੇ ਪ੍ਰਸ਼ਾਸਨ ਦੇ ਇਸ ਐਕਸ਼ਨ ਨੂੰ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਐਲਾਨੀ ਯੂਪੀਐੱਸ ਪੈਨਸ਼ਨ ਸਕੀਮ ਦਾ ਸਵਾਗਤ ਕੀਤਾ।