ਪੱਤਰ ਪ੍ਰੇਰਕ
ਜਗਰਾਉਂ, 26 ਅਗਸਤ
ਪਿੰਡ ਕਾਉਂਕੇ ਖੋਸਾ ਵਿੱਚ ਬੀਤੀ ਦੇਰ ਰਾਤ ਨੌਕਰ ਨੇ ਆਪਣੇ ਬਜ਼ੁਰਗ ਮਾਲਕ ਦੀ ਸੋਟਾ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬਜ਼ੁਰਗ ਦੇ ਪੁੱਤਰ ਦੇ ਬਿਆਨਾਂ ’ਤੇ ਪੁਲੀਸ ਥਾਣਾ ਸਦਰ ਨੇ ਨੌਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਉਸ ਦੀ ਭਾਲ ਲਈ ਟੀਮ ਦਾ ਗਠਨ ਕਰ ਦਿੱਤਾ ਹੈ। ਮ੍ਰਿਤਕ ਚਰਨ ਸਿੰਘ (60) ਦੇ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਦੇ ਕੰਮ ਸਬੰਧੀ ਉਨ੍ਹਾਂ ਨੌਕਰ ਸ਼ੰਭੂ ਪੁੱਤਰ ਦੋਦੀ ਰਿਸ਼ੀ ਵਾਸੀ ਪਿੰਡ ਦੁਲਾਰ (ਮੱਧੇਪੁਰ) ਬਿਹਾਰ ਨੂੰ ਪਿਛਲੇ 22 ਵਰ੍ਹਿਆਂ ਤੋਂ ਰੱਖਿਆ ਹੋਇਆ ਸੀ। ਇੱਕ ਦਿਨ ਪਹਿਲਾਂ ਸ਼ੰਭੂ ਨੂੰ ਕੰਮ-ਕਾਰ ਦੇ ਸਿਲਸਿਲੇ ਵਿੱਚ ਚਰਨ ਸਿੰਘ ਨੇ ਝਿੜਕ ਦਿੱਤਾ। ਇਸੇ ਰੰਜਿਸ਼ ਤਹਿਤ ਬੀਤੀ ਰਾਤ ਸ਼ੰਭੂ ਨੇ ਸੋਟੇ ਨਾਲ ਕੁੱਟ-ਕੁੁੱਟ ਕੇ ਉਸ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਮਗਰੋਂ ਸ਼ੰਭੂ ਫ਼ਰਾਰ ਹੋ ਗਿਆ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।