ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਅਗਸਤ
ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਅੱਜ ਇੱਥੇ ਸ਼ਹਿਰ ਵਿੱਚ ਮੰਦਰਾਂ ਵਿੱਚ ਅਤੇ ਵੱਖ ਵੱਖ ਥਾਵਾਂ ’ਤੇ ਸ਼ਰਧਾ ਨਾਲ ਮਨਾਇਆ।
ਇਸ ਸਬੰਧੀ ਵੱਖ-ਵੱਖ ਮੰਦਰਾਂ ਵਿੱਚ ਫੁਲਾਂ ਨਾਲ ਸਜਾਵਟ ਕੀਤੀ ਹੋਈ ਸੀ। ਰਾਤ ਵੇਲੇ ਦੀਪਮਾਲਾ ਕੀਤੀ ਹੈ ਅਤੇ ਖਾਸ ਕਰਕੇ ਦੁਰਗਿਆਨਾ ਮੰਦਿਰ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜਿਸ ਤਹਿਤ ਦੇਰ ਰਾਤ ਤੱਕ ਮੰਦਰ ਵਿੱਚ ਕੀਰਤਨ ਚੱਲਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਰੂਪ ਵਿੱਚ ਮੰਦਰ ਵਿੱਚ ਲਿਆਂਦਾ ਗਿਆ ਅਤੇ ਪੂਜਾ ਅਰਚਨਾ ਕੀਤੀ ਗਈ ।
ਮੰਦਰਾਂ ਤੋਂ ਇਲਾਵਾ ਗਲੀ ਮਹੱਲਿਆਂ ਵਿੱਚ ਲੋਕਾਂ ਵੱਲੋਂ ਘਰਾਂ ਵਿੱਚ ਵੀ ਇਸ ਤਿਉਹਾਰ ਸਬੰਧੀ ਪ੍ਰੋਗਰਾਮ ਕੀਤੇ ਗਏ ਹਨ। ਭਗਵਾਨ ਕ੍ਰਿਸ਼ਨ ਨੂੰ ਬਾਲ ਰੂਪ ਵਿੱਚ ਝੂਲੇ ਵਿੱਚ ਪਾ ਕੇ ਝੂਲੇ ਦਿੱਤੇ ਗਏ ਅਤੇ ਕ੍ਰਿਸ਼ਨ ਉਸਤਤ ਵਿੱਚ ਧਾਰਮਿਕ ਗੀਤ ਗਾਇਨ ਕੀਤੇ ਗਏ।
ਨਗਰ ਨਿਗਮ ਵੱਲੋਂ ਇਸ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਵੀ ਸਾਫ ਸਫਾਈ ਵੀ ਕੀਤੀ ਗਈ ਤੇ ਖਾਸ ਕਰਕੇ ਮੰਦਰਾਂ ਦੇ ਆਲੇ ਦੁਆਲੇ ਵਿਸ਼ੇਸ਼ ਸਾਫ ਸਫਾਈ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ।
ਜੀਟੀਬੀ ਆਈ ਸਕੂਲ ਵਿੱਚ ਕ੍ਰਿਸ਼ਨ ਦੇ ਜੀਵਨ ਸਬੰਧੀ ਨਾਟਕ ਪੇਸ਼
ਧਾਰੀਵਾਲ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀ.ਟੀ.ਬੀ.ਆਈ.) ਸਕੂਲ ਕਲਿਆਣਪੁਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ-ਧਾਮ ਨਾਲ ਮਨਾਈ। ਇਸ ਸਬੰਧੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਬਰਿੰਦਰ ਜੋਤ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦੌਰਾਨ ਸ੍ਰੀ ਕ੍ਰਿਸ਼ਨ ਭਗਵਾਨ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਲਕੀਆਂ ਅਤੇ ਨਾਟਕ ਜਿਵੇਂ ਕਿ ਕ੍ਰਿਸ਼ਨ ਜਨਮ, ਬਾਲ ਲੀਲਾ, ਕ੍ਰਿਸ਼ਨ ਸੁਦਾਮਾ ਮੇਲ, ਰਾਸ ਲੀਲਾ ਅਤੇ ਗੀਤਾ ਸਾਰ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਬਰਿੰਦਰ ਜੋਤ ਕੌਰ ਨੇ ਸਭ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ।