ਪੱਤਰ ਪ੍ਰੇਰਕ
ਲੰਬੀ, 26 ਅਗਸਤ
ਗਿੱਦੜਬਾਹਾ ਜ਼ਿਮਨੀ ਚੋਣ ਤੋਂ ਪਹਿਲਾਂ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਪ੍ਰਤੀ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਰੁਖ਼ ਨਰਮ ਨਜ਼ਰ ਆਇਆ। ਉਨ੍ਹਾਂ ਅੱਜ ਆਪਣੀ ਰਿਹਾਇਸ਼ ’ਤੇ ਹਲਕਾ ਗਿੱਦੜਬਾਹਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਢਿੱਲੋਂ ਨੂੰ ਮਨ ਦੇ ਸ਼ੰਕੇ ਦੂਰ ਕਰਨ ਲਈ ਦਸ ਦਿਨ ਦਾ ਸਮਾਂ ਦਿੰਦਿਆਂ ਆਪਣੇ ਫ਼ੈਸਲੇ ’ਤੇ ਮੁੜ ਨਜ਼ਰਸ਼ਾਨੀ ਕਰਨ ਲਈ ਆਖਿਆ ਹੈ। ਉਨ੍ਹਾਂ ਡਿੰਪੀ ਢਿੱਲੋਂ ਪਾਰਟੀ ਵਿੱਚ ਵਾਪਸੀ ਦੀ ਵੀ ਅਪੀਲ ਕੀਤੀ। ਗਿੱਦੜਬਾਹਾ ਦੇ ਵਰਕਰਾਂ ਨੇ ਇਕਸੁਰ ਵਿੱਚ ਸੁਖਬੀਰ ਬਾਦਲ ਨੂੰ ਹਲਕੇ ਦੀ ਕਮਾਨ ਸਾਂਭਣ ਦੀ ਅਪੀਲ ਵੀ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਅਕਾਲੀ ਕਾਰਕੁਨਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਸਪਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਤੇ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੀਆਂ ਗੱਲਾਂ ਬੇਬੁਨਿਆਦ ਹਨ। ਉਨ੍ਹਾਂ ਡਿੰਪੀ ਢਿੱਲੋਂ ਨੂੰ ਵਾਪਸੀ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ (ਡਿੰਪੀ ਢਿੱਲੋਂ) ਨੂੰ ਗਿੱਦੜਬਾਹਾ ਜ਼ਿਮਨੀ ਚੋਣ ’ਚ ਅਕਾਲੀ ਦਲ ਟਿਕਟ ’ਤੇ ਕਿੰਤੂ-ਪਰੰਤੂ ਨਹੀਂ ਸੀ। ਸਾਰੇ ਤੱਥਾਂ ਦੇ ਬਾਵਜੂਦ ਡਿੰਪੀ ਢਿੱਲੋਂ ਨੇ ਆਪਣੇ ਕਿਸੇ ਨਿੱਜੀ ਹਿੱਤ ਜਾਂ ਮਜਬੂਰੀ ਕਾਰਨ ਪਾਰਟੀ ਵਰਕਰਾਂ ਤੇ ਸੰਗਤ ਨੂੰ ਪਿੱਠ ਦਿਖਾਉਣ ਦਾ ਮਨ ਬਣਾ ਲਿਆ ਹੈ ਪਰ ਫਿਰ ਵੀ ਉਹ (ਸੁਖਬੀਰ ਸਿੰਘ ਬਾਦਲ) ਗਿੱਦੜਬਾਹਾ ਸੀਟ ਬਾਰੇ ਫੈਸਲੇ ਲਈ ਦਸ ਦਿਨ ਤੱਕ ਡਿੰਪੀ ਢਿੱਲੋਂ ਦੇ ਜਵਾਬ ਦਾ ਉਡੀਕ ਕਰਨਗੇ।
ਡਿੰਪੀ ਢਿੱਲੋਂ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ’ਚ ਸ਼ਾਮਲ ਕਰਨ ਦੇ ਦੋਸ਼ਾਂ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਚਾਰ ਮਹੀਨੇ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੇ ਤੱਕ ਨਹੀਂ ਹਨ। ਜੇ ਮਨਪ੍ਰੀਤ ਸਿੰਘ ਨੂੰ ਸ਼ਾਮਲ ਕਰਨਾ ਹੁੰਦਾ ਤਾਂ ਉਨ੍ਹਾਂ ਦੇ ਕਾਂਗਰਸ ਛੱਡਣ ਮਗਰੋਂ ਇਹ ਕਦਮ ਚੁੱਕ ਲਿਆ ਜਾਂਦਾ।
ਦੋ ਮਹੀਨੇ ਤੋਂ ‘ਆਪ’ ਦੇ ਰਾਬਤੇ ’ਚ ਨੇ ਡਿੰਪੀ ਢਿੱਲੋਂ: ਸੁਖਬੀਰ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਿੰਪੀ ਢਿੱਲੋਂ ਦੀ ਲਗਪਗ ਦੋ ਮਹੀਨੇ ਤੋਂ ਆਮ ਆਦਮੀ ਪਾਰਟੀ ਨਾਲ ਰਾਬਤੇ ਵਿੱਚ ਹਨ ਪਰ ਮਨਪ੍ਰੀਤ ਬਾਦਲ ਨੂੰ ਤਾਂ ਮਹਿਜ਼ ਬਹਾਨਾ ਬਣਾਇਆ ਗਿਆ ਹੈ।