ਇਕਬਾਲ ਸਿੰਘ ਸ਼ਾਂਤ
ਲੰਬੀ, 26 ਅਗਸਤ
ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਵੱਡਾ ਸਿਆਸੀ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਮਗਰੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ 28 ਅਗਸਤ ਨੂੰ ‘ਆਪ’ ਵਿੱਚ ਸ਼ਾਮਲ ਹੋਣਗੇ।
ਸੂਤਰ ਡਿੰਪੀ ਢਿੱਲੋਂ ਦੇ ਰਲੇਵੇਂ ਦਾ ਆਧਾਰ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ‘ਆਪ’ ਦੀ ਟਿਕਟ ਦਾ ਵਾਅਦਾ ਦੱਸਦੇ ਹਨ। ਮੌਜੂਦਾ ਘਟਨਾਕ੍ਰਮ ਮੁਤਾਬਕ ਸੁਖਬੀਰ ਬਾਦਲ ਦੇ ਗਿੱਦੜਬਾਹਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੀ ਪੂਰੀ ਸੰਭਾਵਨਾ ਹੈ। ਇਸ ਦੀ ਪੁਸ਼ਟੀ ਅੱਜ ਪਿੰਡ ਬਾਦਲ ਵਿੱਚ ਸੁਖਬੀਰ ਦੀ ਗਿੱਦੜਬਾਹਾ ਹਲਕੇ ਦੀ ਵਰਕਰ ਮੀਟਿੰਗ ਤੋਂ ਹੁੰਦੀ ਜਾਪ ਰਹੀ ਹੈ। ਅਜਿਹੇ ਵਿੱਚ ਲੰਮੇ ਸਮੇਂ ਤੋਂ ਇਕੱਠੇ ਜੂਝਣ ਵਾਲੇ ਸੁਖਬੀਰ ਬਾਦਲ ਅਤੇ ਡਿੰਪੀ ਢਿੱਲੋਂ ਆਗਾਮੀ ਦਿਨਾਂ ਵਿੱਚ ਸਿਆਸੀ ਸਟੇਜਾਂ ’ਤੇ ਇੱਕ-ਦੂਜੇ ਨੂੰ ਸਿਆਸੀ ਟਕੋਰਾਂ ਕਰਦੇ ਦਿਸ ਸਕਦੇ ਹਨ।
ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਜਥੇਬੰਦਕ ਪ੍ਰੇਸ਼ਾਨੀਆਂ ਕਾਰਨ ਸੂਬਾ ਪੱਧਰ ’ਤੇ ‘ਕਰੋ ਜਾਂ ਮਰੋ’ ਦੀ ਸਥਿਤੀ ਵਿੱਚ ਹੈ। ਅਕਾਲੀ ਦਲ ਇਸ ਜ਼ਿਮਨੀ ਚੋਣ ਜ਼ਰੀਏ 1995 ਦੀ ਗਿੱਦੜਬਾਹਾ ਜ਼ਿਮਨੀ ਚੋਣ ਦਾ ਇਤਿਹਾਸ ਦੁਹਰਾਉਣ ਦੇ ਰੌਂਅ ਵਿੱਚ ਹੈ। ਤਾਜ਼ਾ ਘਟਨਾਕ੍ਰਮ ਵਿੱਚ ਅਕਾਲੀ ਦਲ ਕੋਲ ਸੁਖਬੀਰ ਤੋਂ ਇਲਾਵਾ ਹੋਰ ਮਜ਼ਬੂਤ ਉਮੀਦਵਾਰ ਨਹੀਂ ਹੈ। ਕੁੱਝ ਸਿਆਸੀ ਜਾਣਕਾਰ ਸੁਖਬੀਰ ਦੇ ਖੁਦ ਚੋਣ ਲੜਨ ਨੂੰ ਘਾਤਕ ਵੀ ਦੱਸ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969 ਤੋਂ 1985 ਤੱਕ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਰਹੇ ਸਨ। ਪਿਛਲੇ ਦਿਨਾਂ ਤੋਂ ਸੁਖਬੀਰ ਇਸ ਪਿਤਾ-ਪੁਰਖੀ ਹਲਕੇ ਵਿੱਚ ਰਾਬਤਾ ਮੁਹਿੰਮ ਚਲਾ ਰਹੇ ਸਨ। ਇਸੇ ਦੌਰਾਨ ਮਨਪ੍ਰੀਤ ਬਾਦਲ ਨੂੰ ਅਕਾਲੀ ਟਿਕਟ ਦਾ ਭੰਬਲਭੂਸਾ ਸਿਆਸੀ ਫ਼ਿਜ਼ਾ ਵਿੱਚ ਉੱਛਲ ਪਿਆ। ਸੂਤਰਾਂ ਮੁਤਾਬਕ ਗਿੱਦੜਬਾਹਾ ਹਲਕੇ ਵਿੱਚ ਅਕਾਲੀ ਦਲ ਦੇ ਸਿਆਸੀ ਖਲਿਆਰ ਦੀ ਸਿਆਸੀ ਇਬਾਰਤ ਕਈ ਦਿਨ ਪਹਿਲਾਂ ਘੜੀ ਗਈ ਸੀ। ਇਸ ਦਾ ਪ੍ਰਤੱਖ ਪ੍ਰਮਾਣ ਹਲਕੇ ਵਿੱਚ ਪੰਜਾਬ ਸਰਕਾਰ ਦਾ ਤਿੰਨ ਰੋਜ਼ਾ ਤੀਆਂ ਦਾ ਮੇਲਾ ਹੈ। ਇਸ ਦੇ ਪਹਿਲੇ ਦਿਨ ਡਿੰਪੀ ਢਿੱਲੋਂ ‘ਆਪ’ ਦੇ ਬਸੰਤੀ ਰੰਗ ਵਿੱਚ ਰੰਗੇ ਜਾਣਗੇ। ਹਾਲਾਂਕਿ ਇਸ ਫੇਰਬਦਲ ਨਾਲ ਗਿੱਦੜਬਾਹਾ ਹਲਕੇ ਵਿੱਚ ‘ਆਪ’ ਦੇ ਟਕਸਾਲੀ ਕਾਰਕੁਨਾਂ ਵਿੱਚ ਬੇਚੈਨੀ ਪੈਦਾ ਹੋਣ ਦੀ ਸੰਭਾਵਨਾ ਵੀ ਹੈ। ਜ਼ਿਕਰਯੋਗ ਹੈ ਕਿ ਇਹ ਸੀਟ ਗਿੱਦੜਬਾਹਾ ਤੋਂ ਤਿੰਨ ਵਾਰ ਦੇ ਵਿਧਾਇਕ ਰਾਜਾ ਵੜਿੰਗ ਦੇ ਸੰਸਦ ਮੈਂਬਰ ਚੁਣੇ ਜਾਣ ਕਰਕੇ ਖਾਲੀ ਹੋਈ ਹੈ। ਜੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਮੈਦਾਨ ਵਿੱਚ ਆਉਂਦੇ ਹਨ ਤਾਂ ਅਕਾਲੀ ਦਲ ਲਈ ਮਸਲਾ ਨਾਜ਼ੁਕ ਹੋ ਸਕਦਾ ਹੈ। ਹਾਲਾਂਕਿ ਬਠਿੰਡਾ ਹਲਕੇ ਤੋਂ ਉਨ੍ਹਾਂ ਦੇ ਪੁਰਾਣੇ ਮੁਰੀਦ ਗਿੱਦੜਬਾਹਾ ਵਿੱਚ ਮਨਪ੍ਰੀਤ ਸਿੰਘ ਦੀ ਆਮਦ ਪ੍ਰਤੀ ਕਮਰਕਸੇ ਕਰੀ ਬੈਠੇ ਹਨ। ਇੰਨਾ ਜ਼ਰੂਰ ਹੈ ਕਿ ਸੁਖਬੀਰ ਅਤੇ ਡਿੰਪੀ ਵਿਚਕਾਰ ਮੁਕਾਬਲਾ ਹੋਣ ਦੀ ਸੂਰਤ ਵਿੱਚ ਅੰਮ੍ਰਿਤਾ ਵੜਿੰਗ ਦੇ ਮੈਦਾਨ ਵਿੱਚ ਉਤਰਨ ਨਾਲ ਹੀ ਕਾਂਗਰਸ ਸਿਆਸੀ ਮੁਕਾਬਲੇ ਵਿੱਚ ਵਿਖਾਈ ਦੇਵੇਗੀ।