ਇਸਲਾਮਾਬਾਦ:
ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਇਸ ਹਾਲਤ ਲਈ ਫੌਜ ਤੇ ਆਈਐੱਸਆਈ ਜ਼ਿੰਮੇਵਾਰ ਹਨ। ਖ਼ਾਨ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ। ਪਿਛਲੇ ਸਾਲ ਤੋਂ ਅਡਿਆਲਾ ਜੇਲ੍ਹ ਵਿਚ ਬੰਦ ਖ਼ਾਨ ਨੇ ਦੇਸ਼ ਵਿਚ ਅਮਨ-ਕਾਨੂੰਨ ਦੇ ਵਿਗੜਦੇ ਹਾਲਾਤ ਲਈ ਮੌਜੂਦਾ ਨਿਜ਼ਾਮ ਨੂੰ ਜ਼ਿੰਮੇਵਾਰ ਦੱਸਿਆ। ਆਮ ਚੋਣਾਂ ਵਿਚ ਧੋਖਾਧੜੀ ਦੇ ਆਪਣੇ ਦਾਅਵਿਆਂ ਨੂੰ ਦੁਹਰਾਉਂਦਿਆਂ ਖ਼ਾਨ ਨੇ ਜੇਲ੍ਹ ਵਿਚੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਉਹੀ ਸਰਕਾਰ ਬੁਨਿਆਦੀ ਸੁਧਾਰਾਂ ਦੀ ਯੋਜਨਾ ਘੜ ਸਕਦੀ ਹੈ ਜਿਸ ਕੋਲ ਅਸਲ ਜਾਂ ਮੁਕੰਮਲ ਫ਼ਤਵਾ ਹੋਵੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਨੇ ਐਕਸ ’ਤੇ ਇਕ ਤਫ਼ਸੀਲੀ ਪੋਸਟ ਵਿਚ ਕਿਹਾ, ‘‘ਆਈਐੱਸਆਈ ਮੇਰੀ ਕੈਦ ਨਾਲ ਸਬੰਧਤ ਸਾਰੇ ਪ੍ਰਸ਼ਾਸਨਿਕ ਮਾਮਲਿਆਂ ਨੂੰ ਦੇਖਦੀ ਹੈ। ਮੈਂ ਇਹ ਗੱਲ ਫਿਰ ਕਹਿ ਰਿਹਾ ਹਾਂ: ਜੇ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਥਲ ਸੈਨਾ ਮੁਖੀ ਤੇ ਡੀਜੀ ਆਈਐੱਸਆਈ ਜ਼ਿੰਮੇਵਾਰ ਹੋਣਗੇ।’’ ਖ਼ਾਨ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਦੋ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਖਿਲਾਫ਼ ਮੁਕੱਦਮੇ ਨੂੰ ਮਿਲਟਰੀ ਕੋਰਟ ਵਿਚ ਤਬਦੀਲ ਕੀਤਾ ਜਾ ਸਕਦਾ ਹੈ। -ਪੀਟੀਆਈ