ਸ਼ਸ਼ੀ ਪਾਲ ਜੈਨ
ਖਰੜ, 27 ਅਗਸਤ
ਖਰੜ ਦੇ ਵਪਾਰੀ ਅਰੁਣ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਗਾਇਆ ਹੈ ਕਿ ਖਰੜ ਦੀ ਅਨਾਜ ਤੇ ਸਬਜ਼ੀ ਮੰਡੀ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇੱਥੇ ਰਹਿਣ ਵਾਲੇ ਲੋਕ ਅਤੇ ਮੰਡੀ ਵਿਚ ਸਬਜ਼ੀ ਖ਼ਰੀਦਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇੱਥੇ ਰਹਿ ਰਹੇ ਪਰਿਵਾਰ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਾਹਕ ਖਰੀਦਦਾਰੀ ’ਤੇ ਮਾਰਕੀਟ ਫੀਸ ਅਤੇ ਆਰਡੀਐਫ ਦੇ ਰੂਪ ਵਿਚ ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਇੱਥੇ ਉਨਾਂ ਨੂੰ ਗੰਦਗੀ ਦੇ ਸਿਵਾਏ ਕੋਈ ਸਹੂਲਤ ਨਹੀਂ ਮਿਲਦੀ। ਉਨ੍ਹਾਂ ਲਿਖਿਆ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਸਬੰਧੀ ਅਧਿਕਾਰੀਆਂ ਨੂੰ ਲਿਖ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਇਸੇ ਦੌਰਾਨ ਮੰਡੀ ਸੁਪਰਵਾਈਜ਼ਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੰਡੀ ਦਾ ਸਮਾਂ ਖ਼ਤਮ ਹੋਣ ਉਪਰੰਤ ਸਫ਼ਾਈ ਕਰਵਾਈ ਜਾਂਦੀ ਹੈ ਤੇ ਅੱਜ ਵੀ ਸਫਾਈ ਹੋ ਗਈ ਹੈ। ਇਸੇ ਦੌਰਾਨ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਇਹ ਸ਼ਿਕਾਇਤ ਨੂੰ ਵਿੱਤ ਕਮਿਸ਼ਨਰ (ਵਿਕਾਸ) ਨੂੰ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।